
ਸਿਹਤ ਵਿਭਾਗ ਟੀਮ ਨੇ ਲੜਕੀ ਨੂੰ ਹਸਪਤਾਲ ਪਹੁੰਚਿਆ
ਮੱਧ ਪ੍ਰਦੇਸ਼ : ਕਰੋਨਾ ਕਾਲ ਦੌਰਾਨ ਜਿੱਥੇ ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਨੇ, ਉਥੇ ਹੀ ਕੁੱਝ ਅਜੀਬ ਤਰ੍ਹਾਂ ਦੇ ਕਿੱਸੇ ਵੀ ਸਾਹਮਣੇ ਆ ਰਹੇ ਹਨ। ਕਰੋਨਾ ਦਾ ਖੌਫ਼ ਇਸ ਕਦਰ ਭਾਰੂ ਹੈ ਕਿ ਕਈ ਥਾਈ ਥਾਂ ਵਿਆਹ ਦੀਆਂ ਰਸਮਾਂ ਨੂੰ ਵੀ ਵਿਚਾਲੇ ਹੀ ਛੱਡਣਾ ਪਿਆ ਹੈ। ਕਈ ਥਾਈ ਕਰੋਨਾ ਦਾ ਝੂਠਾ ਖੌਫ਼ ਵਿਖਾ ਕੇ ਅਪਣਾ ਉਲੂ ਸਿੱਧਾ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
Marriage
ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਖੰਡਵਾਂ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਮੁਟਿਆਰ ਅਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ਼ ਅਦਾਲਤ 'ਚ ਪ੍ਰੇਮ ਵਿਆਹ ਕਰਵਾਉਣ ਪਹੁੰਚੀ ਸੀ। ਵਿਆਹ ਸਬੰਧੀ ਅਜੇ ਕਾਨੂੰਨੀ ਕਾਗ਼ਜ਼ ਪੱਤਰ ਤਿਆਰ ਹੀ ਹੋ ਰਹੇ ਸਨ ਕਿ ਮੌਕੇ 'ਤੇ ਲੜਕੀ ਦੇ ਪਰਵਾਰ ਵਾਲੇ ਪਹੁੰਚ ਗਏ
Love Marriage
ਲੜਕੀ ਦੇ ਪਰਵਾਰ ਨੇ ਆਉਂਦੇ ਸਾਰ ਕਾਗ਼ਜ਼ੀ ਕਾਰਵਾਈ ਪੂਰੀ ਕਰਵਾ ਰਹੇ ਵਕੀਲ ਨੂੰ ਲੜਕੀ ਦੇ ਕਰੋਨਾ ਤੋਂ ਪੀੜਤ ਹੋਣ ਦੀ ਗੱਲ ਕਹਿ ਸੁਣਾਈ। ਇਸ ਤੋਂ ਬਾਅਦ ਵਕੀਲ ਸਮੇਤ ਉਸ ਦੇ ਆਸੇ-ਪਾਸੇ ਮੌਜੂਦ ਲੋਕਾਂ 'ਚ ਹੜਕੰਮ ਮੱਚ ਗਿਆ। ਹਰ ਕੋਈ ਲੜਕੀ ਤੋਂ ਦੂਰ ਭੱਜਣ ਦੀ ਕੋਸ਼ਿਸ਼ 'ਚ ਸੀ। ਵਕੀਲ ਨੇ ਵੀ ਲੜਕੀ ਨੂੰ ਪਹਿਲਾਂ ਕਰੋਨਾ ਦੀ ਜਾਂਚ ਕਰਵਾਉਣ ਲਈ ਕਹਿ ਕੇ ਕਾਗ਼ਜ਼ੀ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿਤੇ।
bride
ਇੰਨਾ ਹੀ ਨਹੀਂ, ਲੜਕੀ ਦੇ ਪਰਵਾਰ ਵਾਲਿਆਂ ਨੇ ਇਸ ਸਬੰਧੀ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਵੀ ਸੂਚਿਤ ਕਰ ਦਿਤਾ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਿਹਤ ਵਿਭਾਗ ਦੇ ਨੀਮ ਲੜਕੀ ਨੂੰ ਜ਼ਿਲ੍ਹਾ ਹਸਪਤਾਲ ਲੈ ਗਈ, ਜਿੱਥੇ ਉਸ ਦੇ ਕਰੋਨਾ ਦੀ ਜਾਂਚ ਲਈ ਨਮੂਨਾ ਲਿਆ ਗਿਆ। ਇਸ ਤੋਂ ਬਾਅਦ ਲੜਕੀ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਕਰ ਦਿਤਾ ਗਿਆ ਹੈ।
Bridegroom
ਸੂਤਰਾਂ ਮੁਤਾਬਕ ਅਮਲਪੁਰਾ ਇਲਾਕੇ ਦੀ 19 ਸਾਲਾ ਇਹ ਲੜਕੀ ਅਪਣੇ ਹੀ ਸਮਾਜ ਦੇ ਇਕ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਉਸ ਦਾ ਇਸ ਲੜਕੇ ਨਾਲ ਕਈ ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਜਦਕਿ ਲੜਕੀ ਦਾ ਪਰਵਾਰ ਲੜਕੇ ਨੂੰ ਪਸੰਦ ਨਹੀਂ ਸੀ ਕਰਦਾ। ਪਰਵਾਰ ਦੇ ਸਮਝਾਉਣ ਦੇ ਬਾਵਜੂਦ ਲੜਕੀ ਜਿੱਦ 'ਤੇ ਅੜੀ ਰਹੀ ਅਤੇ ਅਖ਼ੀਰ ਵਿਆਹ ਕਰਵਾਉਣ ਲਈ ਅਦਾਲਤ ਪਹੁੰਚ ਗਈ। ਪਰਵਾਰ ਨੇ ਵਿਆਹ ਰੁਕਵਾਉਣ ਲਈ ਕਰੋਨਾ ਨੂੰ ਢਾਲ ਬਣਾਇਆ ਹੈ, ਜਦਕਿ ਲੜਕੀ ਅਜੇ ਵੀ ਲੜਕੇ ਨਾਲ ਵਿਆਹ ਕਰਵਾਉਣ ਲਈ ਬਜਿੱਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।