ਲੜਕੀ ਹਸਪਤਾਲ 'ਚ ਦਾਖ਼ਲ, ਪਤੀ ਨੂੰ ਵੀ ਕੀਤਾ ਕੁਆਰੰਟੀਨ
ਰੇਵਾੜੀ : ਦੇਸ਼ ਅੰਦਰ ਕਰੋਨਾ ਮੀਟਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਪਸਾਰੇ ਨੇ ਕਈਆਂ ਦੀਆਂ ਖ਼ੁਸ਼ੀਆਂ ਨੂੰ ਗਮੀਆਂ 'ਚ ਬਦਲਣ ਦਾ ਕੰਮ ਕੀਤਾ ਹੈ। ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਰੇਵਾੜੀ ਵਿਖੇ ਸਾਹਮਣੇ ਆਇਆ ਹੈ ਜਿੱਥੇ ਨਵ-ਵਿਆਹੁਤਾ ਦੇ ਕਰੋਨਾ ਪਾਜ਼ੀਟਿਵ ਨਿਕਲਣ ਕਾਰਨ ਜਿੱਥੇ ਉਸ ਦੇ ਪਤੀ ਨੂੰ ਇਕਾਂਤਵਾਸ ਰਹਿਣਾ ਪਵੇਗਾ, ਉਥੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਕਾਲੂਵਾਸ ਪਿੰਡ ਦੇ ਇਕ ਨੌਜਵਾਨ ਨੇ ਦਿੱਲੀ ਵਿਖੇ 8 ਦਿਨ ਪਹਿਲਾਂ ਲਵ ਮੈਰਿਜ਼ (ਪ੍ਰੇਮ ਵਿਆਹ) ਕਰਵਾਈ ਸੀ। ਵਿਆਹ ਤੋਂ ਬਾਅਦ ਅਜੇ ਪਿਛਲੇ ਹਫ਼ਤੇ ਹੀ ਨੌਜਵਾਨ ਪਤਨੀ ਨੂੰ ਘਰ ਲੈ ਕੇ ਆਇਆ ਸੀ। ਪ੍ਰੇਮ ਵਿਆਹ ਬਾਅਦ ਧਮਕੀ ਮਿਲਣ ਕਾਰਨ ਇਹ ਜੋੜ ਪੁਲਿਸ ਸੁਰੱਖਿਆ ਹੇਠ ਸੀ।
ਇਸੇ ਦੌਰਾਨ ਲੜਕੀ ਦੀ ਸਿਹਤ ਢਿੱਲੀ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਲੜਕੀ ਦੀ ਮੈਡੀਕਲ ਜਾਂਚ ਕਰਵਾਈ। ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਕੁੜੀ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਨਿਕਲ ਆਈ। ਇਸ ਤੋਂ ਬਾਅਦ ਲੜਕੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਪ੍ਰਸ਼ਾਸਨ ਨੇ ਵਿਆਹੁਤਾ ਲੜਕੇ ਨੂੰ ਵੀ ਕੁਆਰੰਟੀਨ ਕਰਨ ਤੋਂ ਬਾਅਦ ਇਸ ਜੋੜੇ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਪਛਾਣ ਦਾ ਕੰਮ ਤੇਜ਼ ਕਰ ਦਿਤਾ ਹੈ। ਸਿਹਤ ਵਿਭਾਗ ਅਨੁਸਾਰ ਲਾੜਾ-ਲਾੜੀ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਕੁਆਰੰਟੀਨ ਲਈ ਕਿਹਾ ਗਿਆ ਹੈ। ਇਨ੍ਹਾਂ ਦੇ ਸੰਪਰਕ ਵਿਚ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਹੁਣ ਇਕਾਂਤਵਾਸ 'ਚ ਰਹਿਣਾ ਪੈ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।