
ਕਿਹਾ - ਧਾਰਾ 370 ਹਟਾ ਕੇ ਕਸ਼ਮੀਰ ਦੇ ਲੋਕਾਂ ਦਾ ਗਲ ਘੋਟਿਆ ਗਿਆ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਹਿਊਸਟਨ ਸ਼ਹਿਰ 'ਚ ਆਯੋਜਿਤ 'ਹਾਊਡੀ ਮੋਦੀ' ਸਮਾਗਮ ਦੌਰਾਨ ਜਿਥੇ ਅਤਿਵਾਦੀ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਘੇਰਿਆ, ਉਥੇ ਹੀ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਦਾ ਜ਼ਿਕਰ ਕੀਤਾ। ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਭਾਰਤ ਦੇ ਸਾਹਮਣੇ ਪਿਛਲੇ 70 ਸਾਲਾਂ ਤੋਂ ਇਕ ਵੱਡੀ ਚੁਣੌਤੀ ਸੀ, ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਹੁਣ ਫੇਅਰਵੈਲ ਦੇ ਦਿੱਤਾ ਹੈ। ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸੂਬੇ ਦੀਆਂ ਔਰਤਾਂ, ਬੱਚਿਆਂ ਅਤੇ ਦਲਿਤਾਂ ਨਾਲ ਲੰਮੇ ਸਮੇਂ ਤੋਂ ਹੋ ਰਿਹਾ ਭੇਦਭਾਵ ਹੁਣ ਖ਼ਤਮ ਹੋ ਗਿਆ ਹੈ। ਮੋਦੀ ਦੇ ਇਸ ਭਾਸ਼ਣ ਨੂੰ ਲੈ ਕੇ ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰ ਕੇ ਤਿੱਖਾ ਪਲਟਵਾਰ ਕੀਤਾ ਹੈ।
Mehbooba Mufti tweet
ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, "ਹੈਰਾਨੀ ਦੀ ਗੱਲ ਹੈ ਕਿ ਇਕ ਅਜਿਹਾ ਫ਼ੈਸਲਾ ਜੋ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਦੀ ਸੁਰੱਖਿਆ ਲਈ ਲਿਆ ਗਿਆ, ਉਸ ਫ਼ੈਸਲੇ 'ਤੇ ਹਰ ਥਾਂ ਖੁਸ਼ੀ ਮਨਾਈ ਜਾ ਰਹੀ ਹੈ, ਸਿਰਫ਼ ਉਸ ਸੂਬੇ ਨੂੰ ਛੱਡ ਕੇ ਅਤੇ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸੂਬੇ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਜਦਕਿ ਇਸ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ ਕਸ਼ਮੀਰ ਦੇ ਲੋਕਾਂ ਦਾ ਗਲ ਘੋਟਿਆ ਗਿਆ ਹੈ।"
Mehbooba Mufti
ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਪਿਛਲੇ 5 ਸਾਲ ਤੋਂ ਸ੍ਰੀਨਗਰ ਦੇ ਸਰਕਾਰੀ ਗੈਸਟ ਹਾਊਸ 'ਚ ਨਜ਼ਰਬੰਦ ਹਨ ਅਤੇ ਉਨ੍ਹਾਂ ਦੇ ਕਿਤੇ ਵੀ ਆਉਣ-ਜਾਣ 'ਤੇ ਪਾਬੰਦੀ ਲੱਗੀ ਹੋਈ ਹੈ। ਪਿਛਲੇ ਸ਼ੁਕਰਵਾਰ ਤੋਂ ਮਹਿਬੂਬਾ ਮੁਫ਼ਤੀ ਦਾ ਟਵਿਟਰ ਅਕਾਊਂਟ ਐਕਟਿਵ ਹੋਇਆ ਸੀ। ਇਸ ਤੋਂ ਪਹਿਲਾਂ ਵੀ ਮਹਿਬੂਬਾ ਮੁਫ਼ਤੀ ਨੇ ਧਾਰਾ 370 ਹਟਾਉਣ 'ਤੇ ਮੋਦੀ ਦੀ ਨਿਖੇਥੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਧਾਰਾ 370 ਖ਼ਤਮ ਕਰ ਕੇ ਭਾਜਪਾ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ।