
ਛੇ ਦਹਾਕਿਆਂ ਤੋਂ ਚੱਲ ਰਹੀ ਇਹ ਮਸ਼ਹੂਰ ਦੁਕਾਨ
ਅਹਿਮਦਾਬਾਦ - ਅਹਿਮਦਾਬਾਦ ਦੀ ਇੱਕ ਚਾਹ ਦੀ ਦੁਕਾਨ ਬੜੀ ਖ਼ਾਸ ਹੈ। ਖ਼ਾਸ ਇਸ ਕਰਕੇ ਹੈ ਕਿਉਂਕਿ ਇਹ ਇੱਕ ਮੁਸਲਮਾਨ ਕਬਰਸਤਾਨ ਵਿੱਚ ਬਣਾਇਆ ਗਿਆ ਹੈ, ਅਤੇ ਇਸ ਕਰਕੇ ਵੀ ਕਿਉਂਕਿ ਇਸ ਨੂੰ ਇੱਕ ਮੁਸਲਮਾਨ ਵਿਅਕਤੀ ਚਲਾਉਂਦਾ ਹੈ, ਪਰ ਚਾਹ ਸਮੇਤ ਸਿਰਫ ਸ਼ਾਕਾਹਾਰੀ ਭੋਜਨ ਹੀ ਵੇਚਦਾ ਹੈ। ਇਸ ਦੁਕਾਨ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇੱਥੇ ਮਸ਼ਹੂਰ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਦੀ ਪੇਂਟਿੰਗ ਹੈ। ਇਸ ਦੁਕਾਨ ਦਾ ਨਾਂਅ ਹੈ ਲੱਕੀ ਟੀ ਸਟਾਲ।
ਸਾਰੇ ਧਰਮਾਂ ਤੇ ਵਰਗਾਂ ਦੇ ਲੋਕ, ਮਿਹਨਤਕਸ਼ ਲੋਕ ਅਤੇ ਵਿਦਿਆਰਥੀ, ਲੱਕੀ ਟੀ ਸਟਾਲ 'ਤੇ ਚਾਹ ਪੀਣ ਲਈ ਆਉਂਦੇ ਹਨ।
ਦਰਿਆਪੁਰ ਦਾ ਰਹਿਣ ਵਾਲਾ ਸਾਗਰ ਭੱਟ ਹਰ ਰੋਜ਼ ਸਵੇਰੇ ਮੰਦਿਰ ਜਾਂਦਾ ਹੈ ਅਤੇ ਉਥੋਂ ਵਾਪਸ ਆਉਂਦੇ ਸਮੇਂ ਚਾਹ ਪੀਣ ਲਈ ਇੱਥੇ ਰੁਕਦਾ ਹੈ।
ਉਸ ਨੇ ਕਿਹਾ, "ਇਸ ਥਾਂ 'ਤੇ ਚਾਹ ਪੀਣ ਦਾ ਵੱਖਰਾ ਹੀ ਆਨੰਦ ਹੈ। ਇਸ ਥਾਂ 'ਚ ਕੁਝ ਤਾਂ ਖ਼ਾਸ ਹੈ।"
ਦੁਕਾਨ ਦੀ ਇੱਕ ਕੰਧ 'ਤੇ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਦੀ ਪੇਂਟਿੰਗ ਟੰਗੀ ਹੋਈ ਹੈ, ਜਿਸ 'ਤੇ ਰੇਗਿਸਤਾਨ ਅਤੇ ਊਠਾਂ ਦੀ ਤਸਵੀਰ ਨਾਲ ਪਹਿਲਾ ਕਲਮਾ ਲਿਖਿਆ ਹੋਇਆ ਹੈ।
ਦੁਕਾਨ ਦਾ ਮਾਲਕ ਅਬਦੁਲ ਰਜ਼ਾਕ ਮਨਸੂਰੀ ਬੜੇ ਮਾਣ ਨਾਲ ਦਾਅਵਾ ਕਰਦਾ ਹੈ, ਕਿ ਇਹ ਇੱਕੋ-ਇੱਕ ਚਾਹ ਦੀ ਦੁਕਾਨ ਹੈ ਜਿਸ ਵਿੱਚ ਹੁਸੈਨ ਦੀ ਪੇਂਟਿੰਗ ਹੈ। ਭਾਰਤ ਦੇ ਸਭ ਤੋਂ ਮਹਿੰਗੇ ਚਿੱਤਰਕਾਰਾਂ ਵਿੱਚੋਂ ਇੱਕ ਹੁਸੈਨ ਦੀ ਇਹ ਪੇਂਟਿੰਗ ਹਰ ਰਾਤ ਉਤਾਰੀ ਜਾਂਦੀ ਹੈ ਅਤੇ ਸੁਰੱਖਿਅਤ ਰੱਖੀ ਜਾਂਦੀ ਹੈ।
ਮਨਸੂਰੀ ਮੁਤਾਬਿਕ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿੱਚ ਛੇ ਦਹਾਕੇ ਪੁਰਾਣੀ ਇਹ ਦੁਕਾਨ ਹਰ ਆਮ ਆਦਮੀ ਦਾ ਪਸੰਦੀਦਾ ਖਾਣ-ਪੀਣ ਦਾ ਅੱਡਾ ਹੈ।
ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਦੇ ਕੰਨ ਵਿੰਨ੍ਹਣ ਵਾਲੇ ਸ਼ੋਰ ਤੋਂ ਦੂਰ, ਪੁਰਾਣੇ ਅਹਿਮਦਾਬਾਦ ਦੇ ਜਮਾਲਪੁਰ-ਖਾਰੀਆ ਦੀ ਇਹ ਦੁਕਾਨ ਇੱਕ ਬਹੁਤ ਹੀ ਸ਼ਾਂਤ ਜਗ੍ਹਾ 'ਤੇ ਹੈ।
ਹਾਲਾਂਕਿ ਇੱਥੇ ਵੀ ਚੋਣਾਂ ਦੀ ਚਰਚਾ ਹੁੰਦੀ ਹੈ।
ਸਾਗਰ ਭੱਟ ਦਾ ਕਹਿਣਾ ਹੈ ਕਿ ਇਸ ਚੋਣ ਵਿੱਚ ਧਾਰਮਿਕ ਭਾਵਨਾਵਾਂ ਨਾਲੋਂ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੇ ਆਰਥਿਕ ਮੁੱਦੇ ਜ਼ਿਆਦਾ ਅਹਿਮ ਹਨ। ਉਸ ਨੇ ਕਿਹਾ, “ਮੈਂ ਆਪਣੇ ਧਰਮ ਦਾ ਪਾਲਣ ਕਰ ਰਿਹਾ ਹਾਂ ਪਰ ਸਰਕਾਰ ਤੋਂ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ ਤਾਂ ਜੋ ਮੇਰਾ ਕਾਰੋਬਾਰ ਵਧੀਆ ਚੱਲ ਸਕੇ। ਸਾਡੇ ਗੁਜਰਾਤੀਆਂ ਲਈ ਕਾਰੋਬਾਰ ਸਭ ਤੋਂ ਪਹਿਲਾਂ ਆਉਂਦਾ ਹੈ।”
ਕਾਲਜ ਦੀਆਂ ਵਿਦਿਆਰਥਣਾਂ ਰਿਤੂ ਅਤੇ ਤਾਨੀਆ ਵੀ ਚਾਹ ਪੀਣ ਲਈ ਇਸ ਦੁਕਾਨ 'ਤੇ ਆਉਣਾ ਪਸੰਦ ਕਰਦੀਆਂ ਹਨ। ਚੋਣਾਂ ਬਾਰੇ ਗੱਲ ਕਰਦਿਆਂ, ਪਹਿਲੀ ਵਾਰ ਵੋਟ ਪਾਉਣ ਜਾ ਰਹੀ ਤਾਨੀਆ ਨੇ ਕਿਹਾ, “ਮੇਰੇ ਗੁਜਰਾਤ ਵਿੱਚ ਕਾਰੋਬਾਰੀ ਮਾਹੌਲ ਇੱਥੇ ਦੀ ਯੂ.ਐਸ.ਪੀ. ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ।''
ਮਨਸੂਰੀ ਨੇ ਕਿਹਾ ਕਿ ਚਾਹ ਦੀ ਦੁਕਾਨ ਨਿੰਮ ਦੇ ਦਰੱਖਤ ਹੇਠਾਂ ਇੱਕ ਰੇਹੜੀ 'ਤੇ ਸ਼ੁਰੂ ਕੀਤੀ ਗਈ ਸੀ, ਅਤੇ ਕੰਮ ਦੇ ਅੱਗੇ ਵਧਣ ਨਾਲ ਕਬਰਿਸਤਾਨ ਦੇ ਆਲੇ-ਦੁਆਲੇ ਇਸ ਦਾ ਘੇਰਾ ਵੀ ਵਧਦਾ ਚਲਾ ਗਿਆ।
ਛੇ ਦਹਾਕਿਆਂ ਤੋਂ ਚੱਲ ਰਹੀ ਇਹ ਦੁਕਾਨ ਐਨੀ ਮਸ਼ਹੂਰ ਹੈ, ਕਿ ਇਸ ਦੇ ਨੇੜੇ ਦਾ ਟ੍ਰੈਫ਼ਿਕ ਸਿਗਨਲ ਲੱਕੀ ਚੌਕ ਦੇ ਨਾਂ ਨਾਲ ਮਸ਼ਹੂਰ ਹੋ ਚੁੱਕਿਆ ਹੈ।