
ਇਮਰਾਨ ਨੂੰ ਚੁਨੌਤੀ : ਪਠਾਣ ਦੇ ਬੱਚੇ ਅਤੇ ਬਾਤ ਦੇ ਸੱਚੇ ਹੋ ਤਾਂ ਸਾਬਤ ਕਰੋ
ਟੋਂਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਕੁੱਝ ਹਿੱਸਿਆਂ ਵਿਚ ਕਸ਼ਮੀਰੀਆਂ ਵਿਰੁਧ ਹੋਏ ਹਮਲਿਆਂ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁਧ ਨਹੀਂ। ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਇਸ ਸ਼ਹਿਰ ਵਿਚ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ, 'ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁਧ ਨਹੀਂ। ਕਸ਼ਮੀਰੀ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਕਸ਼ਮੀਰ ਦਾ ਬੱਚਾ ਬੱਚਾ ਅਤਿਵਾਦੀਆਂ ਵਿਰੁਧ ਹੈ। ਅਸੀਂ ਉਨ੍ਹਾਂ ਨੂੰ ਅਪਣੇ ਨਾਲ ਰਖਣਾ ਹੈ।'
ਉਨ੍ਹਾਂ ਕਿਹਾ ਕਿ ਅਮਰਨਾਥ ਦੀ ਯਾਤਰਾ ਕਰਨ ਲੱਖਾਂ ਸ਼ਰਧਾਲੂ ਜਾਂਦੇ ਹਨ, ਉਨ੍ਹਾਂ ਦੀ ਦੇਖਭਾਲ ਕਸ਼ਮੀਰ ਦਾ ਬੱਚਾ ਬੱਚਾ ਕਰਦਾ ਹੈ। ਅਮਰਨਾਥ ਯਾਤਰੀਆਂ ਨੂੰ ਜਦ ਗੋਲੀ ਵੱਜੀ ਤਾਂ ਕਸ਼ਮੀਰ ਦੇ ਮੁਸਲਮਾਨ ਖ਼ੂਨ ਦੇਣ ਲਈ ਕਤਾਰਾਂ ਬਣਾ ਕੇ ਖਲੋ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪਣੇ ਸ਼ਬਦਾਂ ਦੀ ਕਸੌਟੀ 'ਤੇ ਖਰਾ ਉਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਪਠਾਣ ਦੇ ਬੱਚੇ ਹੋ ਜਾਂ ਗੱਲ ਦੇ ਸੱਚੇ ਹੋ ਤਾਂ ਸਾਬਤ ਕਰ ਕੇ ਵਿਖਾਉ।' ਉਨ੍ਹਾਂ ਕਿਹਾ ਕਿ ਲੋਕਾਂ ਨੂੰ ਯਕੀਨ ਹੈ ਕਿ ਜੇ ਮੋਦੀ ਹੈ ਤਾਂ ਮੁਮਕਿਨ ਹੈ।
ਉਨ੍ਹਾਂ ਕਿਹਾ, 'ਪਿਛਲੇ ਦਿਨੀਂ ਕਸ਼ਮੀਰੀ ਬੱਚਿਆਂ ਨਾਲ ਹਿੰਦੁਸਤਾਨ ਦੇ ਕਿਸੇ ਕੋਨੇ ਵਿਚ ਕੀ ਹੋਇਆ, ਕੀ ਨਹੀਂ ਹੋਇਆ, ਘਟਨਾ ਛੋਟੀ ਜਾਂ ਵੱਡੀ ਸੀ, ਮੁੱਦਾ ਇਹ ਨਹੀਂ ਹੈ। ਇਸ ਦੇਸ਼ ਵਿਚ ਇਹ ਹੋਣਾ ਨਹੀਂ ਚਾਹੀਦਾ।' ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਜਿਵੇਂ ਹਿੰਦੁਸਤਾਨ ਦੇ ਜਵਾਨ ਸ਼ਹੀਦ ਹੁੰਦੇ ਹਨ, ਉਸੇ ਤਰ੍ਹਾਂ ਕਸ਼ਮੀਰ ਦੇ ਲਾਲ ਵੀ ਇਨ੍ਹਾਂ ਅਤਿਵਾਦੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੁੰਦੇ ਹਨ। ਅਜਿਹੀਆਂ ਹਰਕਤਾਂ ਉਨ੍ਹਾਂ ਲੋਕਾਂ ਨੂੰ ਤਾਕਤ ਦਿੰਦੀਆਂ ਹਨ ਜਿਹੜੇ 'ਭਾਰਤ ਤੇਰੇ ਟੁਕੜੇ ਹੋਣਗੇ' ਗੈਂਗ ਨੂੰ ਆਸ਼ੀਰਵਾਦ ਦੇਣ ਜਾਂਦੇ ਹਨ।'
ਉਨ੍ਹਾਂ ਕਿਹਾ ਕਿ ਜੇ ਅਸੀਂ ਅਤਿਵਾਦ ਨੂੰ ਜੜ੍ਹੋਂ ਪੁੱਟਣਾ ਹੈ ਤਾਂ ਗ਼ਲਤੀ ਨਹੀਂ ਕਰਨੀ।' ਮੋਦੀ ਨੇ ਕਿਹਾ ਕਿ ਆਮ ਕਸ਼ਮੀਰੀ ਵੀ ਅਤਿਵਾਦ ਤੋਂ ਮੁਕਤੀ ਚਾਹੁੰਦਾ ਹੈ ਪਰ ਪਹਿਲੀਆਂ ਸਰਕਾਰਾਂ ਨੇ ਅਜਿਹੇ ਬੀਜ ਬੀਜੇ ਕਿ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋਏ। ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਸੁਪਰੀਮ ਕੋਰਟ ਨੇ ਕਸ਼ਮੀਰੀ ਵਿਦਿਆਰਥੀਆਂ ਵਿਰੁਧ ਹਮਲਿਆਂ ਸਬੰਧੀ ਰਾਜ ਸਰਕਾਰਾਂ ਕੋਲੋਂ ਜਵਾਬ ਮੰਗਿਆ ਹੈ ਅਤੇ ਅਜਿਹੇ ਹਮਲੇ ਫ਼ੌਰੀ ਤੌਰ 'ਤੇ ਰੋਕਣ ਦੇ ਹੁਕਮ ਦਿਤੇ ਹਨ। (ਏਜੰਸੀ)