
ਅੱਜ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਦੌਰਾ ਭਾਰਤ ਅਤੇ ਅਮਰੀਕਾ ਲਈ ਬਹੁਤ ਖ਼ਾਸ ਹੈ।
ਅਹਿਮਦਾਬਾਦ: ਅੱਜ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਦੌਰਾ ਭਾਰਤ ਅਤੇ ਅਮਰੀਕਾ ਲਈ ਬਹੁਤ ਖ਼ਾਸ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਨੂੰ ਵੇਖਦਿਆਂ ਅਹਿਮਾਦਬਾਦ ਵਿਚ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਕੀਤੇ ਗਏ ਹਨ ਅਤੇ ਗੁਜਰਾਤ ਦੇ ਵੱਖ ਵੱਖ ਹਿੱਸਿਆਂ ਤੋਂ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਸ਼ਹਿਰ ਵਿਚ ਅਹਿਮ ਥਾਵਾਂ 'ਤੇ ਤੈਨਾਤ ਕੀਤਾ ਗਿਆ ਹੈ।
ਟਰੰਪ ਦੇ ਸਵਾਗਤ ਲਈ ਅਹਿਮਦਾਬਾਦ, ਆਗਰਾ ਅਤੇ ਦਿੱਲੀ ਪੂਰੀ ਤਰ੍ਹਾਂ ਤਿਆਰ ਹੈ। ਅੱਜ ਟਰੰਪ 11.40 ‘ਤੇ ਅਹਿਮਦਾਬਾਦ ਪਹੁੰਚਣਗੇ। ਇਸ ਤੋਂ ਬਾਅਦ ਉਹ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਉਦਘਾਟਨ ਕਰਨਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ। ਇੱਥੇ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਜ਼ਬਰਦਸਤ ਦੋਸਤੀ ਦੇਖਣ ਨੂੰ ਮਿਲੇਗੀ।
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਸੋਮਵਾਰ ਨੂੰ ਹੀ ਆਗਰਾ ਪਹੁੰਚਣਗੇ ਅਤੇ ਤਾਜਮਹਿਲ ਦੇਖਣ ਤੋਂ ਬਾਅਦ ਪੂਰਬੀ ਗੇਟ ਸਥਿਤ ਹੋਟਲ ਅਮਰ ਵਿਲਾਸ ਵਿਚ ਜਾਣਗੇ। ਉਹਨਾਂ ਲਈ ਉੱਥੇ ਕੋਹੀਨੂਰ ਸੁਇਟ ਬੁੱਕ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸੇ ਫਲੋਰ ਦੇ ਕਈ ਕਮਰੇ ਟਰੰਪ ਨਾਲ ਆਉਣ ਵਾਲੇ ਅਮਰੀਕੀ ਮਹਿਮਾਨਾਂ ਲਈ ਬੁੱਕ ਕਰਵਾਏ ਗਏ ਹਨ।
ਟਰੰਪ ਕੋਹੀਨੂਰ ਸੁਇਟ ਤੋਂ ਵੀ ਤਾਜ ਮਹਿਲ ਦਾ ਦੀਦਾਰ ਕਰ ਸਕਦੇ ਹਨ। ਹੋਟਲ ਦ ਓਬਰਾਏ ਅਮਰ ਵਿਲਾਸ ਸੱਤ ਸਿਤਾਰਾ ਸ਼੍ਰੇਣੀ ਦੇ ਹੋਟਲਾਂ ਵਿਚ ਸ਼ਾਮਲ ਹੈ।ਇੱਥੇ ਕੋਹੀਨੂਰ ਸੁਇਟ ਨੂੰ ਹਨੀਮੂਨ ਸੁਇਟ ਵੀ ਕਿਹਾ ਜਾਂਦਾ ਹੈ। ਇੱਥੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਵੀ ਠਹਿਰ ਚੁੱਕੇ ਹਨ।
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਅਤੇ ਉਹਨਾਂ ਦੀ ਪਤਨੀ ਵੀ ਇੱਥੇ ਠਹਿਰ ਚੁੱਕੇ ਹਨ। ਉਹਨਾਂ ਦੇ ਭੋਜਨ ਵਿਚ ਅਮਰੀਕੀ ਭੋਜਨ ਦੇ ਨਾਲ-ਨਾਲ ਭਾਰਤੀ ਵਿਅੰਜਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੁਇਟ ਦਾ ਕਿਰਾਇਆ 11 ਲੱਖ ਰੁਪਏ ਪ੍ਰਤੀ ਦਿਨ ਹੈ। ਇਸ ਸੁਇਟ ਤੋਂ ਤਾਜ ਮਹਿਲ ਦਾ ਦੀਦਾਰ ਵੀ ਹੁੰਦਾ ਹੈ।