
ਜੇਡੀਯੂ ਦੇ ਬਾਗ਼ੀ ਨੇਤਾ ਸ਼ਰਦ ਯਾਦਵ ਵਲੋਂ 17 ਅਗੱਸਤ ਨੂੰ ਅਪਣੀ ਤਾਕਤ ਦੇ ਪ੍ਰਦਰਸ਼ਨ ਲਈ ਕੀਤੇ ਜਾ ਰਹੇ ਸੰਮੇਲਨ 'ਚ ਕਾਂਗਰਸ ਅਤੇ......
ਨਵੀਂ ਦਿੱਲੀ, 16 ਅਗੱਸਤ: ਜੇਡੀਯੂ ਦੇ ਬਾਗ਼ੀ ਨੇਤਾ ਸ਼ਰਦ ਯਾਦਵ ਵਲੋਂ 17 ਅਗੱਸਤ ਨੂੰ ਅਪਣੀ ਤਾਕਤ ਦੇ ਪ੍ਰਦਰਸ਼ਨ ਲਈ ਕੀਤੇ ਜਾ ਰਹੇ ਸੰਮੇਲਨ 'ਚ ਕਾਂਗਰਸ ਅਤੇ ਖੱਬੇਪੱਖੀ ਦਲਾਂ ਸਮੇਤ ਕਈ ਵਿਰੋਧੀ ਨੇਤਾਵਾਂ ਦੇ ਪਹੁੰਚਣ ਦੀ ਉਮੀਦ ਹੈ। ਯਾਦਵ ਨੇ ਦੇਸ਼ ਦੀ 'ਸਾਂਝੀ ਵਿਰਾਸਤ' ਨੂੰ ਬਚਾਉਣ ਦੇ ਉਦੇਸ਼ ਨਾਲ ਇਹ ਸੰਮੇਲਨ ਕਰਵਾਇਆ ਹੈ। ਭਾਜਪਾ ਦੇ ਵਿਰੋਧੀ ਨੇਤਾ ਕਾਂਗਰਸ, ਖੱਬੇਪੱਖੀ ਦਲ, ਸਮਾਜਵਾਦੀ ਪਾਰਟੀ, ਬਸਪਾ, ਤ੍ਰਿਣਮੂਲ ਕਾਂਗਰਸ ਅਤੇ ਦੂਜੇ ਦਲਾਂ ਨੂੰ ਪ੍ਰੋਗਰਾਮ 'ਚ ਸੱਦਾ ਦਿਤਾ ਗਿਆ ਹੈ। ਯਾਦਵ ਦੇ ਇਸ ਪ੍ਰੋਗਰਾਮ ਨੂੰ ਅਪਣੀ ਪਾਰਟੀ ਦੇ ਮੁਖੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਗੱਠਜੋੜ ਕਰਨ ਦੇ ਫ਼ੈਸਲੇ ਵਿਰੁਧ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਇਸ ਮੀਟਿੰਗ 'ਚ ਕੌਣ-ਕੌਣ ਸ਼ਾਮਲ ਹੋਣਗੇ, ਯਾਦਵ ਨੇ ਕਿਹਾ ਕਿ ਵਿਰੋਧੀ ਧਿਰ ਤੋਂ ਸ਼ਾਇਦ ਹੀ ਕੋਈ ਹੋਵੇਗਾ ਜੋ ਨਹੀਂ ਪਹੁੰਚੇਗਾ। (ਪੀ.ਟੀ.ਆਈ.)
'ਸਾਂਝੀ ਵਿਰਾਸਤ' ਦੇ ਸੰਵਿਧਾਨ ਦੀ ਆਤਮਾ ਹੋਣ ਦੀ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਬੈਠਕਾਂ ਦੇਸ਼ ਭਰ 'ਚ ਕੀਤੀਆਂ ਜਾਣਗੀਆਂ। ਬਿਹਾਰ ਦੇ ਮੁੱਖ ਮੰਤਰੀ ਨੇ ਭਾਜਪਾ ਨਾਲ ਗੱਠਜੋੜ ਕੀਤੇ ਜਾਣ ਦੇ ਫ਼ੈਸਲੇ 'ਤੇ ਅਪਣੀ ਅਸਹਿਮਤੀ ਨਾਲ ਜੁੜੇ ਸਵਾਲਾਂ 'ਤੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਸਾਬਕਾ ਮੁਖੀ ਨੇ ਕਿਹਾ ਕਿ ਕਲ ਦੇ ਸਮਾਗਮ ਲਈ ਫ਼ੈਸਲਾ ਹਫ਼ਤਿਆਂ ਪਹਿਲਾਂ ਲਿਆ ਗਿਆ।
ਉਨ੍ਹਾਂ ਕਿਹਾ ਕਿ 'ਸਾਂਝਾ ਵਿਰਾਸਤ ਬਚਾਅ ਸੰਮੇਲਨ' ਕਿਸੇ ਦੇ ਵਿਰੋਧ 'ਚ ਨਹੀਂ, ਸਗੋਂ ਦੇਸ਼ ਹਿਤ 'ਚ ਹੈ। ਇਹ ਦੇਸ਼ ਦੇ 125 ਕਰੋੜ ਲੋਕਾਂ ਦੇ ਹਿਤ 'ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਰਮ ਦੇ ਨਾਮ 'ਤੇ ਹਿੰਸਾ ਵਿਰੁਧ ਬਿਆਨ ਦਾ ਸਮਰਥਨ ਕਰਦਿਆਂ ਯਾਦਵ ਨੇ ਕਿਹਾ ਕਿ ਇਹ ਜ਼ਮੀਨ 'ਤੇ ਨਜ਼ਰ ਨਹੀਂ ਆਉਂਦਾ ਅਤੇ ਮੋਦੀ ਨੂੰ ਅਪਣੀ ਪਾਰਟੀ ਦੀਆਂ ਸਰਕਾਰਾਂ ਨੂੰ ਇਹ ਗੱਲ ਦੱਸਣ ਦੀ ਜ਼ਰੂਰਤ ਹੈ ਕਿ ਉਹ ਉਨ੍ਹਾਂ ਦੇ ਆਦੇਸ਼ਾਂ ਦਾ ਪਾਲਣ ਕਰਨ। (ਪੀਟੀਆਈ)