
ਤਾਮਿਲਨਾਡੂ ਦੇ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ 'ਤੇ ਅੱਜ ਫਿਰ ਹੋਈ ਪੁਲਿਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੁਰੱਖਿਆ ਮੁਲਾਜ਼ਮਾਂ ...
ਤੂਤੀਕੋਰਿਨ,ਤਾਮਿਲਨਾਡੂ ਦੇ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ 'ਤੇ ਅੱਜ ਫਿਰ ਹੋਈ ਪੁਲਿਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੁਰੱਖਿਆ ਮੁਲਾਜ਼ਮਾਂ ਨਾਲ ਝੜਪ ਵਿਚ ਕੁੱਝ ਹੋਰ ਜ਼ਖ਼ਮੀ ਹੋ ਗਏ। ਕਲ ਪੁਲਿਸ ਦੀ ਕਾਰਵਾਈ ਵਿਚ 10 ਲੋਕਾਂ ਦੀ ਜਾਨ ਚਲੀ ਗਈ ਸੀ। ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਨਾਰਾਜ਼ ਲੋਕ ਅੱਜ ਸੜਕਾਂ 'ਤੇ ਉਤਰ ਆਏ ਅਤੇ ਉਨ੍ਹਾਂ ਪੁਲਿਸ 'ਤੇ ਪਥਰਾਅ ਕੀਤਾ ਜਿਸ ਕਾਰਨ ਪੁਲਿਸ ਨੇ ਵੀ ਗੋਲੀਆਂ ਚਲਾਈਆਂ।
ਤਾਮਿਲਨਾਡੂ ਦੇ ਤੂਤੀਕੋਰਿਨ ਵਿਚ ਵੇਦਾਂਤਾ ਗਰੁਪ ਦਾ ਕਾਰਖ਼ਾਨਾ ਬੰਦ ਕਰਾਉਣ ਲਈ ਕਲ ਵਾਪਰੀਆਂ ਹਿੰਸਕ ਘਟਨਾਵਾਂ ਕਾਰਨ ਤਣਾਅ ਅੱਜ ਵੀ ਰਿਹਾ ਜਿਥੇ ਪੁਲਿਸ ਦੇ ਦੋ ਵਾਹਨਾਂ ਨੂੰ ਅੱਗ ਹਵਾਲੇ ਕਰ ਦਿਤਾ ਗਿਆ। ਪੁਲਿਸ ਦੀ ਗੋਲੀਬਾਰੀ ਵਿਚ ਅੱਜ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਪੁਲਿਸ ਨੇ ਕਲ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਮਿਲਣ ਲਈ ਜਬਰਨ ਹਸਪਤਾਲ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਲਾਠੀਆਂ ਚਲਾਈਆਂ।
ਕੁੱਝ ਅਗਿਆਤ ਲੋਕਾਂ ਨੇ ਨੇੜਲੇ ਘਰਾਂ ਵਿਚ ਖੜੀਆਂ ਪੁਲਿਸ ਦੀਆਂ ਦੋ ਬਸਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ। ਇਕ ਵਾਹਨ ਵਿਚ ਲੱਗੀ ਅੱਗ ਬੁਝਾ ਦਿਤੀ ਗਈ ਜਦਕਿ ਦੂਜਾ ਵਾਹਨ ਸੜ ਕੇ ਸਵਾਹ ਹੋ ਗਿਆ। ਪੁਲਿਸ ਨੇ ਦਸਿਆ ਕਿ ਹਸਪਤਾਲ ਵਿਚ ਜਬਰਨ ਵੜਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਦਸਿਆ
ਕਿ ਮੌਜੂਦਾ ਹਾਲਾਤ ਕਾਰਨ ਹਸਪਤਾਲ ਦੇ ਪ੍ਰਵੇਸ਼ ਦਵਾਰ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਜਦ ਇਕੱਠਿਆਂ ਸੈਂਕੜੇ ਲੋਕਾਂ ਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬਲ ਪ੍ਰਯੋਗ ਨਾਲ ਉਨ੍ਹਾਂ ਨੂੰ ਰੋਕਿਆ ਗਿਆ। ਕਲ ਹਿੰਸਕ ਪ੍ਰਦਰਸ਼ਨਾਂ ਦੌਰਾਨ ਪੁਲਿਸ ਗੋਲੀਬਾਰੀ ਵਿਚ 11 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। (ਏਜੰਸੀ)