
ਰਵਾਇਤਾਂ ਅਨੁਸਾਰ ਲਾੜਾ 'ਬੈਂਡ, ਵਾਜਾ, ਬਰਾਤ' ਨਾਲ ਵਹੁਟੀ ਦੇ ਘਰ ਜਾ ਕੇ ਵਿਆਹ ਕਰਦਾ
ਕਾਨਪੁਰ : ਰਵਾਇਤਾਂ ਅਨੁਸਾਰ ਲਾੜਾ 'ਬੈਂਡ, ਵਾਜਾ, ਬਰਾਤ' ਨਾਲ ਵਹੁਟੀ ਦੇ ਘਰ ਜਾ ਕੇ ਵਿਆਹ ਕਰਦਾ ਹੈ ਪਰ ਕੋਰੋਨਾ ਮਹਾਂਮਾਰੀ ਕਰ ਕੇ ਹੋਈ ਤਾਲਾਬੰਦੀ ਕਰ ਕੇ ਜਦੋਂ 19 ਵਰ੍ਹਿਆਂ ਦੀ ਲਾੜੀ ਨੂੰ ਲਗਿਆ ਕਿ ਉਸ ਦਾ ਵਿਆਹ ਟਲ ਸਕਦਾ ਹੈ ਤਾਂ ਉਸ ਨੇ ਇਸ ਰਵਾਇਤ ਨੂੰ ਤੋੜਨ ਦਾ ਫ਼ੈਸਲਾ ਕਰ ਲਿਆ।
photo
ਘਟਨਾ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਵਹੁਟੀ ਇਸ ਹਫ਼ਤੇ ਦੀ ਸ਼ੁਰੂਆਤ 'ਚ ਮੁੰਡੇ ਨਾਲ ਵਿਆਹ ਕਰਨ ਲਈ ਕਾਨਪੁਰ ਤੋਂ ਕੰਨੌਜ ਤਕ 80 ਕਿਲੋਮੀਟਰ ਦੂਰ ਪੈਦਲ ਤੁਰ ਕੇ ਹੀ ਚਲੀ ਗਈ।
photo
ਕਾਨਪੁਰ ਪੇਂਡੂ ਜ਼ਿਲ੍ਹੇ 'ਚ ਡੇਰਾ ਮੰਗਲਪੁਰ ਬਲਾਕ ਦੇ ਲਛਮਣ ਤਿਲਕ ਪਿੰਡ ਦੀ ਗੋਲਡੀ ਦਾ ਵਿਆਹ ਕੰਨੌਜ ਜ਼ਿਲ੍ਹੇ ਦੇ ਤਾਲਗ੍ਰਾਮ ਦੇ ਬੈਸਾਪੁਰ ਪਿੰਡ ਦੇ ਵੀਰੇਂਦਰ ਕੁਮਾਰ ਰਾਠੌਰ ਉਰਫ਼ ਵੀਰੂ ਨਾਲ ਤੈਅ ਹੋਇਆ ਸੀ। ਉਨ੍ਹਾਂ ਦਾ ਵਿਆਹ ਚਾਰ ਮਈ ਨੂੰ ਹੋਣਾ ਸੀ, ਜਿਸ ਨੂੰ ਮੁਲਤਵੀ ਕਰ ਦਿਤਾ ਗਿਆ।
photo
ਤਾਲਾਬੰਦੀ ਦਾ ਸਮਾਂ ਵਧਣ 'ਤੇ ਗੋਲਡੀ ਦਾ ਸਬਰ ਜਵਾਬ ਦੇ ਗਿਆ ਅਤੇ ਇਸੇ ਹਫ਼ਤੇ ਦੀ ਸ਼ੁਰੂਆਤ 'ਚ ਉਹ ਇਕ ਸਵੇਰ ਪੈਦਲ ਹੀ 80 ਕਿਲੋਮੀਟਰ ਦਾ ਸਫ਼ਰ ਕਰ ਕੇ ਅਪਣੇ ਹੋਣ ਵਾਲੇ ਪਤੀ ਦੇ ਘਰ ਵਲ ਚਲ ਪਈ। ਗੋਲਡੀ ਉਥੇ ਸ਼ਾਮ ਤਕ ਪਹੁੰਚ ਗਈ।
photo
ਨੂੰਹ ਦੇ ਇਸ ਤਰ੍ਹਾਂ ਅਚਾਨਕ ਆ ਜਾਣ ਨਾਲ ਹੈਰਾਨ ਹੋਏ ਮੁੰਡੇ ਦੇ ਮਾਤਾ-ਪਿਤਾ ਨੇ ਗੋਲਡੀ ਦੇ ਪਿਤਾ ਗੋਰੇਲਾਲ ਨੂੰ ਇਸ ਗੱਲ ਦੀ ਸੂਚਨਾ ਦਿਤੀ ਜੋ ਅਪਣੀ ਲਾਪਤਾ ਬੇਟੀ ਦੀ ਭਾਲ 'ਚ ਇਧਰ-ਉਧਰ ਭਟਕ ਰਿਹਾ ਸੀ।
photo
ਵੀਰੂ ਦੇ ਪਿਤਾ ਨੇ ਹੋਣ ਵਾਲੀ ਨੂੰਹ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਬਰ ਰੱਖੇ ਅਤੇ ਜਦੋਂ ਤਕ ਉਹ 'ਬੈਂਡ, ਵਾਜਾ, ਬਰਾਤ' ਨਾਲ ਉਸ ਦੇ ਘਰ ਪਹੁੰਚ ਕੇ ਅਪਣੇ ਪੁੱਤਰ ਦਾ ਵਿਆਹ ਰਿਵਾਜਾਂ ਅਨੁਸਾਰ ਉਸ ਨਾਲ ਨਹੀਂ ਕਰ ਦਿੰਦੇ, ਉਦੋਂ ਤਕ ਲਈ ਉਹ ਅਪਣੇ ਘਰ ਪਰਤ ਜਾਵੇ।
ਪਰ ਗੋਲਡੀ ਹੋਰ ਉਡੀਕ ਕਰਨ ਦੇ ਮੂਡ 'ਚ ਨਹੀਂ ਸੀ ਅਤੇ ਉਸ ਨੇ ਅਪਣੇ ਹੋਣ ਵਾਲੇ ਪਤੀ ਅਤੇ ਉਸ ਦੇ ਪ੍ਰਵਾਰ ਵਾਲਿਆਂ ਨੂੰ ਅਪਣੀ ਗੱਲ ਮਨਵਾ ਹੀ ਲਈ। ਇਸ ਤੋਂ ਬਾਅਦ ਵੀਰੂ ਦੇ ਮਾਪਿਆਂ ਨੇ ਉਸ ਦੇ ਵਿਆਹ ਦਾ ਪ੍ਰਬੰਧ ਕਰ ਲਿਆ।
ਪੰਡਿਤ ਨੂੰ ਸਦਿਆ ਗਿਆ ਅਤੇ ਕੁੜੀ-ਮੁੰਡੇ ਨੇ ਸੱਤ ਫੇਰੇ ਲਏ ਤੇ ਵਿਆਹ ਹੋ ਗਿਆ। ਕੰਨੌਜ ਦੇ ਪੁਲਿਸ ਸੂਪਰਡੈਂਟ ਅਮਰਿੰਦਰ ਸਿੰਘ ਨੇ ਇਸ ਵਿਆਹ ਬਾਰੇ ਪੁੱਛੇ ਜਾਣ 'ਤੇ ਕਿਹਾ, ''ਇਹ ਗੱਲ ਸਹੀ ਹੈ। ਮੈਨੂੰ ਇਸ ਦੀ ਜਾਣਕਾਰੀ ਹੈ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।