
ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਮੰਗ ਰਹੇ ਮਰਾਠਿਆਂ ਦੇ ਪ੍ਰਦਰਸ਼ਨ ਹਿੰਸਕ ਹੋ ਗਏ ਹਨ...............
ਮੁੰਬਈ : ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਮੰਗ ਰਹੇ ਮਰਾਠਿਆਂ ਦੇ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਕਈ ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ ਹੈ। ਪੁਲਿਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀ ਬੱਸ ਨੂੰ ਅੱਗ ਲਾ ਦਿਤੀ ਅਤੇ ਕਈ ਥਾਈਂ ਜਾਮ ਲਾ ਦਿਤਾ। ਕਈ ਬਸਾਂ 'ਤੇ ਪੱਥਰ ਸੁੱਟੇ ਗਏ ਅਤੇ ਔਰੰਗਾਬਾਦ ਜ਼ਿਲ੍ਹੇ ਵਿਚ ਜਾਮ ਲਾ ਦਿਤੇ ਗਏ। ਮਰਾਠਾ ਕਰਾਂਤੀ ਮੋਰਚੇ ਦੇ ਆਗੂਆਂ ਨੇ ਪ੍ਰਦਰਸ਼ਨਾਂ ਦਾ ਸੱਦਾ ਦਿਤਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰਾਖਵਾਂਕਰਨ ਦਾ ਅਪਣਾ ਹੱਕ ਮੰਗ ਰਹੇ ਹਨ। ਪੁਲਿਸ ਨੇ ਦਸਿਆ ਕਿ ਮੰਦਰਾਂ ਅਤੇ ਹੋਰ ਧਾਰਮਕ ਥਾਵਾਂ 'ਤੇ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿਤੇ ਗਏ ਹਨ। ਇਸੇ ਦੌਰਾਨ ਮਰਾਠਵਾਡਾ, ਪਰਭਾਨੀ ਅਤੇ ਹਿੰਗੋਲੀ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਈਂ ਜਾਮ ਲੱਗਣ ਦੀਆਂ ਖ਼ਬਰਾਂ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਪ੍ਰਦਰਸ਼ਨਾਂ ਨੂੰ ਵੇਖਦਿਆਂ ਐਤਵਾਰ ਨੂੰ ਕਿਸੇ ਮੰਦਰ ਦਾ ਤਜਵੀਜ਼ਸ਼ੁਦਾ ਦੌਰਾ ਰੱਦ ਕਰ ਦਿਤਾ। (ਏਜੰਸੀ)