ਪੁਲ ਦੀ ਉਸਾਰੀ ਅਤੇ ਮੀਂਹ ਕਾਰਨ ਵਿਗੜੀ ਸਥਿਤੀ
ਚੰਡੀਗੜ੍ਹ : ਚੰਡੀਗੜ੍ਹ ਤੇ ਜ਼ੀਰਕਪੁਰ ਸਣੇ ਨਾਲ ਲੱਗਦਿਆਂ ਇਲਾਕਿਆਂ ਵਿਚ ਅੱਜ ਸਵੇਰੇ ਭਾਰੀ ਬਾਰਸ਼ ਹੋਈ ਹੈ, ਜਿਸ ਤੋਂ ਬਾਅਦ ਸੜਕਾਂ ਉਤੇ ਲੰਮੇ ਜਾਮ ਲੱਗ ਗਿਆ। ਹਾਲਾਤ ਇਹ ਹਨ ਕਿ ਜ਼ੀਰਕਪੁਰ ਤੋਂ ਅੰਬਾਲਾ ਬੈਰੀਅਰ ਤੱਕ ਜਾਮ ਲੱਗਾ ਹੋਇਆ ਹੈ। ਲੋਕ ਵਾਹਨਾਂ ਵਿਚ ਕੈਦ ਹੋ ਗਏ। ਦਫਤਰਾਂ ਨੂੰ ਜਾ ਰਹੇ ਲੋਕ ਰਾਹ ਵਿਚ ਹੀ ਫਸ ਗਏ। ਜਾਮ ਵਿਚ ਸਕੂਲ ਬੱਸਾਂ ਅਤੇ ਐਂਬੂਲੈਂਸਾਂ ਵੀ ਫਸੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਦੇ ਪੁਨਰਵਾਸ ਲਈ ਲਗਾਤਾਰ ਯਤਨਸ਼ੀਲ: ਡਾ. ਬਲਜੀਤ ਕੌਰ
ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਹਾਈਵੇਅ ’ਤੇ ਵੀ ਲੰਬਾ ਜਾਮ ਲੱਗਿਆ ਹੋਇਆ ਹੈ। ਜ਼ੀਰਕਪੁਰ ਤੋਂ ਲਾਲੜੂ ਵਿਚਕਾਰ ਕਰੀਬ 10 ਤੋਂ 12 ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ ਹੈ। ਕਰੀਬ 3 ਘੰਟੇ ਤੱਕ ਯਾਤਰੀ ਫਸੇ ਰਹੇ। ਸਵੇਰੇ ਮੀਂਹ ਪੈਣ ਤੋਂ ਬਾਅਦ ਜਾਮ ਦੀ ਇਹ ਸਥਿਤੀ ਪੈਦਾ ਹੋਈ ਹੈ। ਭਾਵੇਂ ਟਰੈਫਿਕ ਮੁਲਾਜ਼ਮ ਮੌਕੇ ’ਤੇ ਜਾਮ ਨੂੰ ਖੋਲ੍ਹਣ ਵਿਚ ਲੱਗੇ ਹੋਏ ਹਨ ਪਰ ਸਥਿਤੀ ਕਾਬੂ ਹੇਠ ਨਹੀਂ ਆ ਰਹੀ। ਇਸ ਦਾ ਮੁੱਖ ਕਾਰਨ ਬਰਸਾਤ ਅਤੇ ਹਾਈਵੇਅ 'ਤੇ ਪੁਲ ਦੀ ਉਸਾਰੀ ਨੂੰ ਦਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ : ਹਿੰਸਕ ਹਮਲੇ ’ਚ ਜਾਨ ਗੁਆਉਣ ਵਾਲੇ ਪੰਜਾਬੀ ਵਿਦਿਆਰਥੀ ਨੂੰ ਸੈਂਕੜਿਆਂ ਨੇ ਸ਼ਰਧਾਂਜਲੀ ਦਿਤੀ
ਮੀਂਹ ਤੋਂ ਪਹਿਲਾਂ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਲੋਕ ਬਦਲ ਵਜੋਂ ਢਕੋਲੀ ਤੋਂ ਮੁਬਾਰਕਪੁਰ ਰਾਹੀਂ ਚੰਡੀਗੜ੍ਹ ਪਹੁੰਚ ਰਹੇ ਸਨ ਪਰ ਪਿਛਲੇ ਦਿਨੀਂ ਪਏ ਲਗਾਤਾਰ ਮੀਂਹ ਕਾਰਨ ਮੁਬਾਰਕਪੁਰ ਅਧੀਨ ਪੈਂਦੇ ਅੰਡਰਪਾਸ ਵਿਚ ਘੱਗਰ ਨਦੀ ਦਾ ਪਾਣੀ ਭਰ ਗਿਆ ਹੈ। ਜਿਸ ਕਾਰਨ ਇਹ ਸੜਕ ਬੰਦ ਹੈ। ਇਸ ਕਾਰਨ ਹਾਈਵੇਅ ’ਤੇ ਆਵਾਜਾਈ ਵਧ ਗਈ ਹੈ। ਚੰਡੀਗੜ੍ਹ-ਅੰਬਾਲਾ ਵਿਚਕਾਰ ਸੋਮਵਾਰ ਅਤੇ ਸ਼ਨੀਵਾਰ ਨੂੰ ਭਾਰੀ ਆਵਾਜਾਈ ਰਹਿੰਦੀ ਹੈ। ਕੰਮਕਾਜੀ ਲੋਕ ਦੋ ਸ਼ਹਿਰਾਂ ਵਿਚਕਾਰ ਸਫ਼ਰ ਕਰਦੇ ਹਨ। ਇਸ ਕਾਰਨ ਅੱਜ ਸਵੇਰ ਤੋਂ ਹੀ ਜਾਮ ਦੀ ਸਥਿਤੀ ਬਣੀ ਹੋਈ ਹੈ।