
ਨੀਮਫ਼ੌਜੀ ਫ਼ੋਰਸ ਨੇ ਚੁਰਾਚਾਂਦਪੁਰ ਦੇ ਪੁਲਿਸ ਸੂਪਰਡੈਂਟ ਨੂੰ ਲਿਖੀ ਚਿੱਠੀ, ਦੇਸ਼-ਵਿਰੋਧੀ ਗਤੀਵਿਧੀਆਂ ਲਈ ਪ੍ਰਯੋਗ ਖਦਸ਼ਾ ਕੀਤਾ ਜ਼ਾਹਰ
ਇੰਫ਼ਾਲ: ਅਸਮ ਰਾਈਫ਼ਲਜ਼ ਨੇ ਮਨੀਪੁਰ ਪੁਲਿਸ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕਾਕਚਿੰਗ ਜ਼ਿਲ੍ਹੇ ’ਚ ਕਈ ਟਰੱਕਾਂ ’ਤੇ ਨੀਮਫ਼ੌਜੀ ਫ਼ੋਰਸ ਦੀਆਂ ਗੱਡੀਆਂ ਦੇ ਰੰਗ ਵਾਂਗ ਪੇਂਟ ਕੀਤਾ ਗਿਆ ਹੈ ਅਤੇ ਉਨ੍ਹਾਂ ’ਤੇ ਉਸ ਦਾ ਪ੍ਰਤੀਕ ਚਿੰਨ੍ਹ (ਲੋਗੋ) ਵੀ ਲਾਇਆ ਗਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਨੀਮਫ਼ੌਜੀ ਫ਼ੋਰਸ ਨੇ ਚੁਰਾਚਾਂਦਪੁਰ ਦੇ ਪੁਲਿਸ ਸੂਪਰਡੈਂਟ ਨੂੰ ਲਿਖੀ ਚਿੱਠੀ ’ਚ ਦਾਅਵਾ ਕੀਤਾ ਕਿ ਕੁਝ ਲੋਕਾਂ ਨੇ ਵਾਦੀ ਸਥਿਤ ਅਤਿਵਾਦੀ ਸਮੂਹਾਂ (ਵੀ.ਬੀ.ਆਈ.ਜੀ.) ਦੀ ਮਦਦ ਨਾਲ ਬਾਜ਼ਾਰ ਤੋਂ ਕਈ ਟਰੱਕ ਖ਼ਰੀਦੇ ਅਤੇ ਉਨ੍ਹਾਂ ਨੂੰ ਅਸਮ ਰਾਈਫ਼ਲਜ਼ ਦੀਆਂ ਗੱਡੀਆਂ ਦੇ ਰੰਗ ਨਾਲ ਪੇਂਟ ਕੀਤਾ ਅਤੇ ਫ਼ੋਰਸ ਦਾ ਪ੍ਰਤੀਕ ਚਿੰਨ੍ਹ ਲਗਾਇਆ, ਤਾਕਿ ਉਹ ਟਰੱਕ ਨੀਮਫ਼ੌਜੀ ਫ਼ੋਰਸ ਦੀਆਂ ਗੱਡੀਆਂ ਵਾਂਗ ਲੱਗੇ।
ਚਿੱਠੀ ’ਚ ਕਿਹਾ ਗਿਆ ਹੈ, ‘‘ਗ਼ੈਰਫ਼ੌਜੀ ਗੱਡੀਆਂ ’ਚ ਬਦਲਾਅ ਕਰ ਕੇ ਉਨ੍ਹਾਂ ਨੂੰ ਅਸਮ ਰਾਈਫ਼ਲਜ਼ ਦੀਆਂ ਗੱਡੀਆਂ ਵਾਂਗ ਬਣਾਉਣਾ ਸਪੱਸ਼ਟ ਰੂਪ ’ਚ ਦਰਸਾਉਂਦਾ ਹੈ ਕਿ ਵੀ.ਬੀ.ਆਈ.ਜੀ. ਦੀ ਅਸਮ ਰਾਈਫ਼ਲਜ਼ ਦੇ ਅਕਸ ਨੂੰ ਖ਼ਰਾਬ ਕਰਨ ਜਾਂ ਦੇਸ਼-ਵਿਰੋਧੀ ਗਤੀਵਿਧੀਆਂ ਲਈ ਇਨ੍ਹਾਂ ਦਾ ਪ੍ਰਯੋਗ ਕਰਨ ਦੀ ਨਾਪਾਕ ਇੱਛਾ ਹੈ।’’
ਫ਼ੋਰਸ ਨੇ ਚੁਰਾਚਾਂਦਪੁਰ ਪੁਲਿਸ ਨੂੰ ਕਾਕਚਿੰਗ ਜ਼ਿਲ੍ਹੇ ਦੇ ਪੁਲਿਸ ਸੂਪਰਡੈਂਟ ਅਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਦੀ ਸੂਚਨਾ ਦੇਣ ਨੂੰ ਕਿਹਾ ਤਾਕਿ ‘ਕਿਸੇ ਵੀ ਤਰ੍ਹਾਂ ਦੀ ਬੁਰੀ ਘਅਨਾ ਨੂੰ ਰੋਕਣ ਲਈ ਅਹਿਤਿਆਤਨ ਕਾਰਵਾਈ ਕੀਤੀ ਜਾ ਸਕੇ।’’
ਮਨੀਪੁਰ ’ਚ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਜਾਤ ਅਧਾਰਤ ਹਿੰਸਾ ਜਾਰੀ ਹੈ। ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੈਤੇਈ ਭਾਈਚਾਰੇ ਦੀ ਮੰਗ ਵਿਰੁਧ ਪਹਾੜੀ ਜ਼ਿਲ੍ਹਿਆਂ ’ਚ ਜਨਤਾਤੀ ਇਕਜੁਟਤਾ ਮਾਰਚ ਤੋਂ ਬਾਅਦ ਤਿੰਨ ਮਈ ਨੂੰ ਸੂਬੇ ਅੰਦਰ ਜਾਤ ਅਧਾਰਤ ਹਿੰਸਾ ਭੜਕ ਗਈ ਸੀ। ਹਿੰਸਾ ਦੀਆਂ ਘਟਨਾਵਾਂ ’ਚ ਹੁਣ ਤਕ 175 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।