
ਉਹਨਾਂ ਨੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਜੰਗ ਨੂੰ ਪਹਿਲਾ ਨਹੀਂ ਸਗੋਂ ਹਮੇਸ਼ਾ ਆਖਰੀ ਵਿਕਲਪ ਮੰਨਦੇ ਹਾਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਵੀ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਸਾਲ ਉਹ ਕਾਰਗਿਲ ਪਹੁੰਚੇ ਸਨ। ਇਸ ਦੌਰਾਨ ਪੀਐਮ ਮੋਦੀ ਨੇ ਜਵਾਨਾਂ ਵਿਚ ਮਠਿਆਈਆਂ ਵੰਡੀਆਂ ਅਤੇ ਉਹਨਾਂ ਨਾਲ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਵੀ ਗਾਇਆ। ਇਸ ਦੇ ਨਾਲ ਹੀ ਉਹਨਾਂ ਨੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਜੰਗ ਨੂੰ ਪਹਿਲਾ ਨਹੀਂ ਸਗੋਂ ਹਮੇਸ਼ਾ ਆਖਰੀ ਵਿਕਲਪ ਮੰਨਦੇ ਹਾਂ ਅਤੇ ਸ਼ਾਂਤੀ ਵਿਚ ਵਿਸ਼ਵਾਸ ਰੱਖਦੇ ਹਾਂ।
ਲੱਦਾਖ ਦੇ ਕਾਰਗਿਲ 'ਚ ਸੈਨਿਕਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਅਸੀਂ ਸ਼ਾਂਤੀ 'ਚ ਵਿਸ਼ਵਾਸ ਰੱਖਦੇ ਹਾਂ ਪਰ ਤਾਕਤ ਤੋਂ ਬਿਨ੍ਹਾਂ ਸ਼ਾਂਤੀ ਸੰਭਵ ਨਹੀਂ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਭਾਰਤ ਦੀ ਤਾਕਤ ਵਧਦੀ ਹੈ ਤਾਂ ਵਿਸ਼ਵ ਸ਼ਾਂਤੀ ਦੀ ਸੰਭਾਵਨਾ ਵਧਦੀ ਹੈ ਅਤੇ ਖੁਸ਼ਹਾਲੀ ਵੀ ਵਧਦੀ ਹੈ।
ਪੀਐਮ ਮੋਦੀ ਨੇ ਕਿਹਾ, "ਆਤਮ-ਨਿਰਭਰ ਭਾਰਤ" ਦੇਸ਼ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ ਅਤੇ ਵਿਦੇਸ਼ੀ ਹਥਿਆਰਾਂ ਅਤੇ ਪ੍ਰਣਾਲੀਆਂ 'ਤੇ ਸਾਡੀ ਨਿਰਭਰਤਾ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਫੈਸਲਾਕੁੰਨ ਲੜਾਈ ਜਾਰੀ ਹੈ ਅਤੇ ਭ੍ਰਿਸ਼ਟਾਚਾਰੀ ਭਾਵੇਂ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ।
A spirited Diwali in Kargil! pic.twitter.com/qtIGesk98x
— Narendra Modi (@narendramodi) October 24, 2022
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਮਾਣ ਵਿਸ਼ਵ ਪੱਧਰ 'ਤੇ ਵਧਿਆ ਹੈ, ਇਹ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਇਹ ਬਾਹਰੋਂ ਅਤੇ ਅੰਦਰੋਂ ਦੁਸ਼ਮਣਾਂ ਨਾਲ ਸਫਲਤਾਪੂਰਵਕ ਨਜਿੱਠ ਰਿਹਾ ਹੈ।
ਉਹਨਾਂ ਕਿਹਾ, ''ਇਕ ਰਾਸ਼ਟਰ ਉਦੋਂ ਸੁਰੱਖਿਅਤ ਹੁੰਦਾ ਹੈ ਜਦੋਂ ਸਰਹੱਦਾਂ ਸੁਰੱਖਿਅਤ ਹੁੰਦੀਆਂ ਹਨ, ਆਰਥਿਕਤਾ ਮਜ਼ਬੂਤ ਹੁੰਦੀ ਹੈ ਅਤੇ ਸਮਾਜ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦਾ ਹੈ।'' ਉਹਨਾਂ ਨੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤ ਕਾਮਨਾ ਕਰਦਾ ਹੈ ਕਿ ਰੋਸ਼ਨੀ ਦਾ ਇਹ ਤਿਉਹਾਰ ਦੁਨੀਆ ਲਈ ਸ਼ਾਂਤੀ ਲੈ ਕੇ ਆਵੇ।