
ਹੋਮਿਓਪੈਥਿਕ ਦਵਾਈਆਂ ਦਾ ਕੰਪਾਊਂਡਰ ਨਿੱਕਲਿਆ ਮਾਸਟਰਮਾਈਂਡ
ਪਟਨਾ - ਬਿਹਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ, ਸਾਰਨ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮੁੱਖ ਮੁਲਜ਼ਮ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਾਰਨ ਦੇ ਪੁਲਿਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਕਿਹਾ ਕਿ ਸੂਬਾ ਪੁਲਿਸ ਦੁਆਰਾ ਗਠਿਤ ਇੱਕ ਵਿਸ਼ੇਸ਼ ਜਾਂਚ ਟੀਮ ਨੇ ਇੱਕ ਹੋਮਿਓਪੈਥਿਕ ਕੰਪਾਊਂਡਰ ਨੂੰ ਕਾਬੂ ਕੀਤਾ, ਜੋ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦਾ ਮਾਸਟਰਮਾਈਂਡ ਸੀ। ਇਸ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ 38 ਲੋਕਾਂ ਦੀ ਜਾਨ ਚਲੀ ਗਈ ਹੈ।
ਕੁਮਾਰ ਨੇ ਕਿਹਾ, "ਪੁਲਿਸ ਨੇ ਇੱਕ ਵਾਹਨ ਜ਼ਬਤ ਕੀਤਾ ਹੈ, ਜਿਸ ਦੀ ਵਰਤੋਂ ਉੱਤਰ ਪ੍ਰਦੇਸ਼ ਤੋਂ ਰਸਾਇਣ ਲਿਆਉਣ ਅਤੇ ਸਾਰਨ 'ਚ ਮਸਰਖ ਅਤੇ ਉਸ ਦੇ ਆਸ-ਪਾਸ ਸ਼ਰਾਬ ਸਪਲਾਈ ਕਰਨ ਲਈ ਕੀਤੀ ਜਾਂਦੀ ਸੀ। ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਕੈਮੀਕਲ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ।"
ਐਸ.ਆਈ.ਟੀ. ਨੇ ਇਸ ਮਾਮਲੇ ਵਿੱਚ ਪਹਿਲਾਂ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਕਿਹਾ, "ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਆਪਣੇ ਸਾਥੀਆਂ ਦੀ ਮਦਦ ਨਾਲ ਹੋਮਿਓਪੈਥੀ ਦਵਾਈ ਅਤੇ ਚੀਨੀ ਮਿਲਾ ਕੇ ਨਕਲੀ ਸ਼ਰਾਬ ਬਣਾਉਂਦਾ ਸੀ। ਉਹ (ਦੋਸ਼ੀ) ਸਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਆਪਣੇ ਵਿਕਰੇਤਾਵਾਂ ਜਾਂ ਸਾਥੀਆਂ ਰਾਹੀਂ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਸਨ।"
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਹ ਸਾਰਨ ਜ਼ਿਲ੍ਹੇ 'ਚ ਹੋਮਿਓਪੈਥੀ ਦਵਾਈਆਂ ਨਾਲ ਬਣੀ ਨਕਲੀ ਸ਼ਰਾਬ ਸਪਲਾਈ ਕਰਦੇ ਸਨ, ਅਤੇ ਇਕ ਦੋਸ਼ੀ ਨੇ ਵੀ ਉਕਤ ਸ਼ਰਾਬ ਪੀਤੀ ਸੀ ਪਰ ਇਲਾਜ ਤੋਂ ਬਾਅਦ ਉਹ ਬਚ ਗਿਆ |
ਇਸ ਦੌਰਾਨ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਹੈੱਡਕੁਆਰਟਰ) ਜਤਿੰਦਰ ਸਿੰਘ ਗੰਗਵਾਰ ਨੇ ਪਟਨਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਸਾਰਨ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਰੱਖੀ 'ਸਪਿਰਿਟ' ਜ਼ਹਿਰੀਲੀ ਸ਼ਰਾਬ ਕਾਂਡ ਲਈ ਜ਼ਿੰਮੇਵਾਰ ਸੀ।