![Representative Image Representative Image](/cover/prev/kutsr6sius22n3lnkthfkgjkr3-20230125124200.Medi.jpeg)
24 ਘੰਟਿਆਂ ਬਾਅਦ ਨਵਜਾਤ ਬੱਚੇ ਦੀ ਵੀ ਮੌਤ
ਅਸਾਮ - ਇੱਕ ਪੁਲਿਸ ਅਧਿਕਾਰੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਸਾਮ ਦੇ ਬਾਰਪੇਟਾ ਦੇ ਇੱਕ ਹਸਪਤਾਲ ਵਿੱਚ ਇੱਕ 13 ਸਾਲਾ ਲੜਕੀ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ। ਸੋਮਵਾਰ ਨੂੰ ਉਸ ਬੱਚੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਉਸ ਵੱਲੋਂ ਜਨਮ ਦਿੱਤੇ ਬੱਚੇ ਦੀ ਵੀ ਮੌਤ ਹੋ ਗਈ।
ਉਕਤ ਲੜਕੀ ਇੱਕ 40 ਸਾਲਾ ਵਿਅਕਤੀ ਹੱਥੋਂ ਕਥਿਤ ਤੌਰ 'ਤੇ ਵਾਰ-ਵਾਰ ਬਲਾਤਕਾਰ ਦੀ ਸ਼ਿਕਾਰ ਹੋਈ ਸੀ।
ਲੜਕੀ ਦੇ ਪਰਿਵਾਰ ਨੇ ਉਸ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ 'ਤੇ ਭਾਰਤੀ ਦੰਡਾਵਲੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਸੁਪਰਡੈਂਟ (ਗੋਲਪਾੜਾ) ਰਾਕੇਸ਼ ਰੈਡੀ ਨੇ ਦੱਸਿਆ ਕਿ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ। ਰੈੱਡੀ ਨੇ ਕਿਹਾ, "ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲੜਕੀ ਲਗਭਗ ਸੱਤ ਮਹੀਨੇ ਪਹਿਲਾਂ ਬਲਾਤਕਾਰ ਦੀ ਸ਼ਿਕਾਰ ਹੋਈ ਸੀ।
ਰੈੱਡੀ ਨੇ ਦੱਸਿਆ ਕਿ ਦੋਸ਼ੀ ਪਰਿਵਾਰ ਦਾ ਗੁਆਂਢੀ ਹੈ, ਜਿਸ ਦੀ ਪਛਾਣ ਕਰ ਲਈ ਗਈ ਹੈ ਪਰ ਇਸ ਵੇਲੇ ਉਹ ਫ਼ਰਾਰ ਹੈ। ਦੋਸ਼ੀ ਦੀ ਭਾਲ ਜਾਰੀ ਹੈ।
ਐਫ਼.ਆਈ.ਆਰ. ਦੀ ਰਿਪੋਰਟ ਅਨੁਸਾਰ, 40 ਸਾਲਾ ਵਿਅਕਤੀ ਨੇ ਲੜਕੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।