
ਰਿਸ਼ਵਤ ਦੇ ਕਈ ਮਾਮਲੇ ਰੋਜ਼ਾਨਾ ਵੇਖਣ ਵਿਚ ਆਉਂਦੇ ਹਨ ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ...
ਖਰਗਾਪੁਰ : ਰਿਸ਼ਵਤ ਦੇ ਕਈ ਮਾਮਲੇ ਰੋਜ਼ਾਨਾ ਵੇਖਣ ਵਿਚ ਆਉਂਦੇ ਹਨ ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਮਾਮਲਾ ਟੀਕਮਗੜ੍ਹ ਦੇ ਖਰਗਾਪੁਰ ਤਹਿਸੀਲ ਦਫ਼ਤਰ ਦਾ ਹੈ। ਇਥੇ ਜ਼ਮੀਨ ਦੀ ਰਜਿਸਟਰੀ ਵਿਚ ਤਬਦੀਲੀ ਤੇ ਵੰਡ ਦੇ ਨਾਮ ਉਤੇ ਇਕ ਕਿਸਾਨ ਤੋਂ ਜਦੋਂ ਇਕ ਲੱਖ ਰੁਪਏ ਰਿਸ਼ਵਤ ਮੰਗੀ ਤਾਂ ਕਿਸਾਨ ਨੇ ਕੁਝ ਅਜਿਹਾ ਕੀਤਾ ਕਿ ਮਾਮਲਾ ਚਾਰੇ ਪਾਸੇ ਅੱਗ ਦੀ ਤਰ੍ਹਾਂ ਫੈਲ ਗਿਆ।
Farmer tied buffalo with jeep
ਜਾਣਕਾਰੀ ਮੁਤਾਬਕ ਕਿਸਾਨ ਲਕਸ਼ਮੀ ਯਾਦਵ ਜ਼ਮੀਨ ਦੀ ਰਜਿਸਟਰੀ ਲਈ ਪਿਛਲੇ 6 ਮਹੀਨਿਆਂ ਤੋਂ ਤਹਿਸੀਲ ਵਿਚ ਚੱਕਰ ਲਾ ਰਿਹਾ ਸੀ। ਪਤਾ ਲੱਗਾ ਹੈ ਕਿ ਕੰਮ ਕਰਵਾਉਣ ਲਈ ਕਿਸਾਨ ਤੋਂ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਕਿਸਾਨ ਨੇ ਕਿਸੇ ਤਰ੍ਹਾਂ 50 ਹਜ਼ਾਰ ਦਾ ਇੰਤਜ਼ਾਮ ਕਰ ਲਿਆ ਪਰ ਤਹਿਸੀਲਦਾਰ ਨੇ ਪੂਰੀ ਰਕਮ ਦੇਣ ਦੀ ਰੱਟ ਲਾ ਰੱਖੀ ਸੀ। ਜਿਸ ਕਾਰਨ ਉਸ ਦਾ ਕੰਮ ਨਹੀਂ ਹੋਇਆ।
ਮਾੜੇ ਸਿਸਟਮ ਤੋਂ ਹਾਰ ਕੇ ਕਿਸਾਨ ਨੇ ਬਾਕੀ ਰਕਮ ਦਾ ਪ੍ਰਬੰਧ ਕਰਨ ਲਈ ਅਪਣੀ ਮੱਝ ਲੈ ਕੇ ਤਹਿਸੀਲ ਦਫ਼ਤਰ ਪਹੁੰਚਿਆ ਤੇ ਮੱਝ ਨੂੰ ਤਹਿਸੀਲਦਾਰ ਦੀ ਜੀਪ ਨਾਲ ਬੰਨ੍ਹ ਦਿਤਾ। ਇਸ ਤੋਂ ਬਾਅਦ ਇਹ ਮਾਮਲਾ ਇੰਨਾ ਵਧ ਗਿਆ ਕਿ ਐਸਡੀਐਮ ਵੰਦਨਾ ਸਿੰਘ ਰਾਜਪੂਤ ਤੇ ਥਾਣਾ ਮੁਖੀ ਧਰਮਿੰਦਰ ਯਾਦਵ ਨੂੰ ਪੁਲਿਸ ਲੈ ਕੇ ਮੌਕੇ ਉਤੇ ਪਹੁੰਚਣਾ ਪਿਆ।
Farmer tied buffalo in jeep
ਐਸਡੀਐਮ ਨੇ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਦਿਤਾ। ਇਸ ਮਾਮਲੇ ਵਿਚ ਨਾਇਬ ਤਹਿਸੀਲਦਾਰ ਨੂੰ ਸਸਪੈਂਡ ਕਰ ਦਿਤਾ ਗਿਆ। ਕਿਸਾਨ ਨੇ ਦੱਸਿਆ ਕਿ ਖ਼ੁਦ ਦੀ ਜ਼ਮੀਨ ਦੀ ਰਜਿਸਟਰੀ ਪਰਿਵਰਤਨ ਤੇ ਵੰਡ ਲਈ ਉਹ ਪਿਛਲੇ 6 ਮਹੀਨਿਆਂ ਤੋਂ ਤਹਿਸੀਲ ਦੇ ਚੱਕਰ ਲਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਤਹਿਸੀਲਦਾਰ ਨੇ ਦਫ਼ਤਰੀ ਖ਼ਰਚੇ ਲਈ 50 ਹਜ਼ਾਰ ਮੰਗੇ ਸਨ।
ਕਿਸਾਨ ਨੇ ਕਿਸੇ ਤਰ੍ਹਾਂ 50 ਹਜ਼ਾਰ ਰੁਪਏ ਇਕੱਠੇ ਕਰਕੇ ਦੇ ਦਿਤੇ ਪਰ ਇਸ ਤੋਂ ਬਾਅਦ ਉਸ ਤੋਂ 50 ਹਜ਼ਾਰ ਰੁਪਏ ਹੋਰ ਮੰਗ ਲਏ। ਇਸ ਪਿੱਛੋਂ ਉਸ ਨੂੰ ਕਾਫ਼ੀ ਪਰੇਸ਼ਾਨ ਕੀਤਾ ਗਿਆ। ਉਹ ਇੰਨਾ ਦੁਖੀ ਹੋਇਆ ਕਿ ਉਸ ਨੇ ਅਪਣੀ ਮੱਝ ਤਹਿਸੀਲਦਾਰ ਨੂੰ ਦੇ ਕੇ ਕੰਮ ਕਰਵਾਉਣ ਦਾ ਫ਼ੈਸਲਾ ਕੀਤਾ ਤੇ ਮੱਝ ਜੀਪ ਨਾਲ ਬੰਨ੍ਹ ਦਿਤੀ।