
ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਵਿਚ ਸ਼ੁੱਕਰਵਾਰ ਨੂੰ 3 ਮਿਜ਼ਾਈਲਾਂ ਮਿਸਫਾਇਰ ਹੋ ਗਈਆਂ। ਜੈਸਲਮੇਰ ਦੇ ਪੋਕਰਨ ਫੀਲਡ ਫਾਇਰਿੰਗ ਰੇਂਜ 'ਤੇ ਫੌਜ ਦੇ ਅਭਿਆਸ ਦੌਰਾਨ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਤਿੰਨ ਮਿਜ਼ਾਈਲਾਂ ਦਾਗੀਆਂ ਗਈਆਂ ਪਰ ਤਿੰਨੋਂ ਮਿਜ਼ਾਈਲਾਂ ਅਸਮਾਨ 'ਚ ਫਟ ਗਈਆਂ ਅਤੇ ਜੈਸਲਮੇਰ 'ਚ ਹੀ ਵੱਖ-ਵੱਖ ਥਾਵਾਂ 'ਤੇ ਡਿੱਗ ਗਈਆਂ। ਤਲਾਸ਼ੀ ਦੌਰਾਨ 2 ਮਿਜ਼ਾਈਲਾਂ ਦਾ ਮਲਬਾ ਮਿਲਿਆ ਹੈ, ਤੀਜੀ ਦੀ ਭਾਲ ਜਾਰੀ ਹੈ। ਹਾਲਾਂਕਿ ਮਿਜ਼ਾਈਲ ਡਿੱਗਣ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਮੀਂਹ ਅਤੇ ਤੂਫ਼ਾਨ ਦਾ ਕਹਿਰ: ਫ਼ਸਲਾਂ ਦਾ ਭਾਰੀ ਨੁਕਸਾਨ, 5 ਡਿਗਰੀ ਡਿੱਗਿਆ ਪਾਰਾ
ਸੂਤਰਾਂ ਮੁਤਾਬਕ ਧਮਾਕੇ ਤੋਂ ਬਾਅਦ ਤਿੰਨੋਂ ਮਿਜ਼ਾਈਲਾਂ ਫੀਲਡ ਫਾਇਰਿੰਗ ਰੇਂਜ ਤੋਂ ਬਾਹਰ ਡਿੱਗ ਗਈਆਂ। ਫੀਲਡ ਫਾਇਰਿੰਗ ਰੇਂਜ ਤੋਂ ਬਾਹਰ ਪਿੰਡ ਅਜਾਸਰ ਨੇੜੇ ਕੱਛਬ ਸਿੰਘ ਦੇ ਖੇਤ ਵਿਚ ਇਕ ਮਿਜ਼ਾਈਲ ਦਾ ਮਲਬਾ ਮਿਲਿਆ। ਜਦਕਿ ਦੂਜੀ ਮਿਜ਼ਾਈਲ ਦਾ ਮਲਬਾ ਸੱਤਿਆ ਪਿੰਡ ਤੋਂ ਦੂਰ ਇਕ ਸੁੰਨਸਾਨ ਇਲਾਕੇ ਵਿਚ ਮਿਲਿਆ। ਮਿਜ਼ਾਈਲ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਦਾਨ ਵਿਚ ਖੱਡੇ ਜ਼ਰੂਰ ਬਣ ਗਏ ਸਨ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਅਦਾਲਤੀ ਸਜ਼ਾ ਭਾਜਪਾ ਨੂੰ ਮਜ਼ਬੂਤ ਕਰੇਗੀ ਜਾਂ ਵਿਰੋਧੀ ਧਿਰ ਦੀ ਤਾਕਤ ਬਣੇਗੀ?
ਫੌਜ ਦੇ ਬੁਲਾਰੇ ਅਨੁਸਾਰ ਪੀਐਫਐਫਆਰ ਵਿਖੇ ਇਕ ਯੂਨਿਟ ਦੁਆਰਾ ਅਭਿਆਸ ਦੌਰਾਨ ਇਹ ਮਿਸਫਾਇਰ ਕੀਤਾ ਗਿਆ। ਉਡਾਣ ਦੌਰਾਨ ਮਿਜ਼ਾਈਲ ਫਟ ਗਈ, ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਜੈਸਲਮੇਰ ਦੇ ਐਸਪੀ ਭੰਵਰ ਸਿੰਘ ਨਥਾਵਤ ਵੀ ਮੌਕੇ 'ਤੇ ਪਹੁੰਚੇ।