ਰਾਹੁਲ ਗਾਂਧੀ ਨੂੰ ਅਦਾਲਤੀ ਸਜ਼ਾ ਭਾਜਪਾ ਨੂੰ ਮਜ਼ਬੂਤ ਕਰੇਗੀ ਜਾਂ ਵਿਰੋਧੀ ਧਿਰ ਦੀ ਤਾਕਤ ਬਣੇਗੀ?
Published : Mar 25, 2023, 7:12 am IST
Updated : Mar 25, 2023, 7:44 am IST
SHARE ARTICLE
Rahul Gandhi
Rahul Gandhi

ਅੱਜ ਕਿਸੇ ਵੀ ਕਾਰਨ ਸਹੀ ਪਰ ਵਿਰੋਧੀ ਧਿਰ ਨੂੰ ਸਮਝ ਆ ਰਹੀ ਹੈ ਕਿ ਇਕੱਠੇ ਹੋਣ ਵਿਚ ਹੀ ਬਚਾਅ ਮੁਮਕਿਨ ਹੈ।

 

ਰਾਹੁਲ ਗਾਂਧੀ ਨੂੰ ਸੰਸਦ ’ਚੋਂ ਬਾਹਰ ਕੱਢ ਦਿਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਗੁਜਰਾਤ ਦੀ ਟ੍ਰਾਇਲ ਕੋਰਟ ਵਲੋੋਂ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਾਂਗਰਸ ਮੁਤਾਬਕ ਇਸ ਸਜ਼ਾ ਪਿੱਛੇ ਕੇਂਦਰ ਸਰਕਾਰ ਦਾ ਦਬਾਅ ਕੰਮ ਕਰ ਰਿਹਾ ਸੀ। ਕਾਨੂੰਨੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਕਿਸੇ ਜ਼ਾਤ ’ਤੇ ਹਮਲਾ ਨਹੀਂ ਬਣਦਾ ਪਰ ਹੁਣ ਜਦ ਫ਼ੈਸਲਾ ਹੋ ਚੁੱਕਾ ਹੈ ਤਾਂ ਅਦਾਲਤ ਦਾ ਫ਼ੈਸਲਾ ਉਦੋਂ ਤਕ ਤਾਂ ਮੰਨਣਾ ਹੀ ਪੈਣਾ ਹੈ ਜਦ ਤਕ ਉਪਰਲੀ ਅਦਾਲਤ ਵਲੋਂ ਉਲਟਾ ਨਹੀਂ ਦਿਤਾ ਜਾਂਦਾ। ਤੇ ਹੁਣ ਇਹ ਸੰਵਿਧਾਨਕ ਪ੍ਰਕਿਰਿਆ ਹੈ ਕਿ ਜਿਸ ਸਾਂਸਦ ਜਾਂ ਵਿਧਾਇਕ ਨੂੰ ਕੈਦ ਦੀ ਸਜ਼ਾ ਦੇ ਦਿਤੀ ਜਾਂਦੀ ਹੈ, ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ। ਉਹ ਅਗਲੇ ਦੋ ਸਾਲ ਵਾਸਤੇ ਕੋਈ ਚੋਣ ਵੀ ਨਹੀਂ ਲੜ ਸਕਦਾ।

 

ਇਥੇ ਦੋ ਸਵਾਲ ਖੜੇ ਹੁੰਦੇ ਹਨ। ਪਹਿਲਾ ਕਿ ਭਾਜਪਾ ਰਾਹੁਲ ਗਾਂਧੀ ਤੋਂ ਇਸ ਕਦਰ ਖ਼ਤਰਾ ਕਿਉਂ ਮਹਿਸੂਸ ਕਰ ਰਹੀ ਹੈ? ਦੂਜਾ ਕਿ ਕੀ ਇਸ ਕਦਮ ਨਾਲ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ? ਰਾਹੁਲ ਗਾਂਧੀ ਦੀ ਪੈਦਲ ਯਾਤਰਾ ਤੋਂ ਬਾਅਦ ਜਦ ਕਾਂਗਰਸ ਅਸਾਮ ਅਤੇ ਮੇਘਾਲਿਆ ਦੀਆਂ ਚੋਣਾਂ ਵਿਚ ਹਾਰ ਗਈ ਸੀ ਤਾਂ ਬੁਧੀਜੀਵੀਆਂ ਨੇ ਚੈਨਲਾਂ ਦੀਆਂ ਚਰਚਾਵਾਂ ਵਿਚ ਰਾਹੁਲ ਗਾਂਧੀ ਨੂੰ ਹਾਰਿਆ ਹੋਇਆ ਆਗੂ ਦਸ ਦਿਤਾ ਸੀ। ਪਰ ਜਿਸ ਤਰ੍ਹਾਂ ਉਸ ਪਿੱਛੇ ਪੂਰੀ ਸਰਕਾਰੀ ਤਾਕਤ ਨੇ ਮਿਲ ਕੇ ਉਸ ਨੂੰ 2024 ਦੀਆਂ ਚੋਣਾਂ ਵਿਚ ਲੜਾਈ ਤੋਂ ਬਾਹਰ ਕਰ ਦੇਣ ਦੀ ਖੇਡ ਖੇਡੀ ਹੈ, ਲਗਦਾ ਹੈ ਕਿ ਸਿਆਸਤ ਦੀ ਸ਼ਤਰੰਜ ਦੇ ਖਿਡਾਰੀ, ਆਮ ਬੁਧੀਜੀਵੀਆਂ ਤੋਂ ਕੁੱਝ ਅਲੱਗ ਵੇਖ ਰਹੇ ਹਨ। ਉਹ ਵੇਖ ਰਹੇ ਹਨ ਕਿ ਰਾਹੁਲ ਗਾਂਧੀ ਹਾਕਮ ਧਿਰ ਲਈ 2024 ਦੀਆਂ ਚੋਣਾਂ ਵਿਚ ਇਕ ਵੱਡਾ ਖ਼ਤਰਾ ਬਣ ਗਿਆ ਹੈ। ਦੂਜਾ ਖ਼ਤਰਾ ‘ਆਪ’ ਪਾਰਟੀ ਤੇ ਉਸ ਦੇ ਵੱਡੇ ਚਿਹਰੇ ਹਨ ਤੇ ਮਨੀਸ਼ ਸਿਸੋਦੀਆ ਵਰਗਿਆਂ ਨਾਲ ਵੀ ਇਹੀ ਵਤੀਰਾ ਧਾਰਨ ਕੀਤਾ ਜਾ ਰਿਹਾ ਹੈ।

 

ਦੂਜਾ ਸਵਾਲ ਜੋ ਕਿ ਵਿਰੋਧੀ ਧਿਰਾਂ ਦੇ ਇਕੱਠੇ ਹੋ ਜਾਣ ਦੇ ਪ੍ਰਸ਼ਨ ਨੂੰ ਲੈ ਕੇ ਚੁਕਿਆ ਜਾ ਰਿਹਾ ਸੀ, ਉਸ ਦੇ ਸੰਕੇਤ ਵੀ ਅੱਜ ਮਿਲ ਗਏ ਹਨ। ਅਰਵਿੰਦ ਕੇਜਰੀਵਾਲ ਨੇ ਰਾਹੁਲ ਦੇ ਹੱਕ ਵਿਚ ਬਿਆਨ ਦੇ ਕੇ ਤੇ 14 ਪਾਰਟੀਆਂ ਨੂੰ ਇਕੱਠਿਆਂ ਕਰ ਕੇ, ਇਕਜੁਟ ਵਿਰੋਧੀ ਧਿਰ ਸਿਰਜਣ ਵਲ ਪਹਿਲ-ਕਦਮੀ ਕੀਤੀ ਹੈ। ਜਿਹੜੀ ਵਿਰੋਧੀ ਧਿਰ ਹੁਣ ਤਕ ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿਚ ਲੱਗੀ ਰਹਿੰਦੀ ਸੀ, ਅੱਜ ਰਾਹੁਲ ਗਾਂਧੀ ਦੇ ਹੱਕ ਵਿਚ ਨਿਤਰ ਆਈ ਹੈ। ਇਹ ਕੰਮ ਜੇ ਕਾਂਗਰਸ ਨੇ ਮਨੀਸ਼ ਸਿਸੋਦੀਆਂ ਨਾਲ ਖੜੇ ਹੋ ਕੇ ਕੀਤਾ ਹੁੰਦਾ ਤਾਂ ਸ਼ਾਇਦ ਉਹ ਅਪਣੇ ਆਪ ਨੂੰ ਵੱਡੇ ਸਾਬਤ ਕਰ ਪਾਉਂਦੇ।

 

ਖ਼ੈਰ! ਅੱਜ ਕਿਸੇ ਵੀ ਕਾਰਨ ਸਹੀ ਪਰ ਵਿਰੋਧੀ ਧਿਰ ਨੂੰ ਸਮਝ ਆ ਰਹੀ ਹੈ ਕਿ ਇਕੱਠੇ ਹੋਣ ਵਿਚ ਹੀ ਬਚਾਅ ਮੁਮਕਿਨ ਹੈ। ਗੱਲ ਇਸ ਵਕਤ ਹਾਰ-ਜਿੱਤ ਦੀ ਨਹੀਂ ਬਲਕਿ ਚਰਚਾ ਦਾ ਕੇਂਦਰ ਇਹ ਗੱਲ ਬਣੀ ਹੋਈ ਹੈ ਕਿ ਜੇਲਾਂ ਤੋਂ ਬਾਹਰ ਰਹਿ ਕੇ ਚੋਣਾਂ ਕਿਵੇਂ ਲੜੀਆਂ ਜਾਣ। ਜਿਸ ਤਰ੍ਹਾਂ ਪੂਰੀ ਤਾਕਤ ਵਿਰੋਧੀਆਂ ਨੂੰ ਬੇਤਾਕਤੇ ਬਣਾਉਣ ਲਈ ਲਗਾਈ ਜਾ ਰਹੀ ਹੈ, ਸਾਫ਼ ਹੈ ਕਿ 2024 ਦੀਆਂ ਚੋਣਾਂ ਇਕ ਪਾਸੜ ਨਹੀਂ ਹੋਣਗੀਆਂ। ਮਸਲਾ ਅਡਾਨੀ ਹੈ, ਗ਼ਰੀਬੀ-ਅਮੀਰੀ ਦਾ ਵਧਦਾ ਅੰਤਰ ਹੈ ਜਾਂ ਆਜ਼ਾਦੀ ਉਤੇ ਸਿਸਟਮ ਦਾ ਹਮਲਾ ਜਾਂ ਕੁੱਝ ਹੋਰ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮਮਤਾ ਬੈਨਰਜੀ, ਨਤੀਸ਼ ਕੁਮਾਰ ਮਿਲ ਕੇ ਵੱਡੀ ਟੱਕਰ ਦੇ ਸਕਦੇ ਹਨ। ਪਰ ਭਾਜਪਾ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਸ ਦੀ ਰਣਨੀਤੀ, ਵਿਰੋਧੀਆਂ ਦੀ ਆਪਸੀ ਲੜਾਈ ਖ਼ਤਮ ਕਰਨ ਦਾ ਕਾਰਨ ਵੀ ਬਣ ਸਕਦੀ ਹੈ।
- ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement