
ਨਾਬਾਲਗ਼ ਬਲਾਤਕਾਰ ਮਾਮਲੇ 'ਚ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ। ਇਹ ਫ਼ੈਸਲਾ ਵਿਸ਼ੇਸ਼...
ਜੋਧਪੁਰ, 25 ਅਪ੍ਰੈਲ : ਨਾਬਾਲਗ਼ ਬਲਾਤਕਾਰ ਮਾਮਲੇ 'ਚ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ। ਇਹ ਫ਼ੈਸਲਾ ਵਿਸ਼ੇਸ਼ ਐਸ.ਸੀ-ਐਸ.ਟੀ ਅਦਾਲਤ ਦੇ ਜੱਜ ਮਧੂਸੂਦਨ ਨੇ ਸੈਂਟਰਲ ਜੇਲ ਵਿਚ ਲਗਾਈ ਗਈ ਵਿਸ਼ੇਸ਼ ਅਦਾਲਤ ਵਿਚ ਸੁਣਾਇਆ ਹੈ। ਜੋਧਪੁਰ ਜੇਲ 'ਚ ਬੰਦ ਆਸਾ ਰਾਮ ਦੇ ਹੋਰ ਸਹਿਯੋਗੀਆਂ ਨੂੰ ਵੀ 20-20 ਸਾਲ ਦੀ ਸਜ਼ਾ ਸੁਣਾ ਦਿਤੀ ਗਈ ਹੈ। ਦਸ ਦਈਏ ਕਿ ਆਸਾ ਰਾਮ ਵਿਰੁਧ ਸਮੂਹ ਬਣਾ ਕੇ ਬਲਾਤਕਾਰ ਲਈ ਧਾਰਾ 376ਡੀ ਲਗਾਈ ਗਈ ਸੀ।
Asaram rape case
ਇਸ ਮਾਮਲੇ 'ਚੋਂ ਆਸਾ ਰਾਮ ਦੇ ਹੋਸਟਲ ਦੀ ਵਾਰਡਨ ਸ਼ਿਲਪੀ ਤੇ ਡਾਇਰੈਕਟਰ ਸ਼ਰਤ ਚੰਦ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ ਤੇ ਆਸਾ ਰਾਮ ਦੇ ਸੇਵਾਦਾਰ ਸ਼ਿਵਾ ਅਤੇ ਉਸ ਦੇ ਰਸੋਈਏ ਪ੍ਰਕਾਸ਼ ਨੂੰ ਬਰੀ ਕਰ ਦਿਤਾ ਗਿਆ ਹੈ। ਇਹ ਮਾਮਲਾ ਲਗਭਗ ਸਾਢੇ ਚਾਰ ਸਾਲ ਪੁਰਾਣਾ ਹੈ। ਪੀੜਤ ਪਰਵਾਰ ਦਾ ਮੁਖੀ ਆਸਾ ਰਾਮ ਦਾ ਭਗਤ ਸੀ। ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
Asaram rape case
ਜਦੋਂ ਆਸਾ ਰਾਮ ਗਿਫ਼ਤਾਰ ਹੋਇਆ ਤਾਂ ਉਸ ਦੇ ਸਮਰਥਕਾਂ ਨੇ ਪੀੜਤ ਪਰਵਾਰ 'ਤੇ ਵੀ ਹਮਲਾ ਕਰ ਦਿਤਾ ਸੀ ਪਰ ਪੀੜਤ ਲੜਕੀ ਇੰਲੀ ਅਡੋਲ ਰਹੀ ਕਿ ਉਸ ਨੇ ਫਿਰ ਵੀ ਅਪਣੇ ਬਿਆਨ ਨਹੀ ਬਦਲੇ। ਇਸ ਤੋਂ ਇਲਾਵਾ ਆਸਾ ਰਾਮ ਦੇ ਸਮਰਥਕਾਂ ਨੇ ਹੋਰ ਵੀ ਕਈ ਗਵਾਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਕਈ ਉਪਰ ਤਾਂ ਜਾਨਲੇਵਾ ਹਮਲੇ ਵੀ ਹੋਏ ਪਰ ਪੀੜਤ ਲੜਕੀ ਦੇ ਸਿਦਕ ਨੇ ਇਹ ਮਾਮਲਾ ਅਪਣੇ ਅੰਜਾਮ ਤਕ ਪਹੁੰਚਾ ਦਿਤਾ।
Asaram rape case
ਦਸਣਯੋਗ ਹੈ ਕਿ ਅੱਜ ਜੇਲ ਦਾ ਉਹ ਕਮਰਾ ਅਦਾਲਤ ਲਈ ਤਿਆਰ ਕੀਤਾ ਗਿਆ ਜਿਸ ਦੀ ਅਪਣੀ ਹੀ ਇਤਿਹਾਸਕ ਮਹੱਤਤਾ ਹੈ। ਇਸੇ ਕਮਰੇ 'ਚ ਅਕਾਲੀ ਨੇਤਾ ਗੁਰਚਰਨ ਸਿੰਘ ਟੌਹੜਾ ਨੂੰ ਟਾਡਾ ਅਧੀਨ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ। ਦੂਜੇ ਪਾਸੇ ਆਸਾ ਰਾਮ ਵਿਰੁਧ ਫ਼ੈਸਲਾ ਆਉਣ ਤੋਂ ਤੁਰਤ ਬਾਅਦ ਪੀੜਤ ਲੜਕੀ ਦਾ ਪਰਵਾਰ ਖ਼ੁਸ਼ ਵੀ ਦਿਖਾਈ ਦਿਤਾ ਉਥੇ ਹੀ ਉਨ੍ਹਾ ਪਿਛਲੇ ਸਾਢੇ ਚਾਰ ਸਾਲ ਦੀ ਹੱਡਬੀਤੀ ਵੀ ਸੁਣਾਈ।
Asaram rape case
ਪੀੜਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਨੇ ਸਾਢੇ ਚਾਰ ਸਾਲ ਡਰ ਡਰ ਕੇ ਜੇਲ ਵਾਂਗ ਗੁਜ਼ਾਰੇ ਹਨ। ਮਾਂ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਯੂਪੀ ਦੇ ਸ਼ਾਹਜਹਾਂਪੁਰਾ 'ਚ ਪੂਰੀ ਤਰ੍ਰਾਂ ਸੰਨਾਟਾ ਛਾਇਆ ਹੋਇਆ ਸੀ।