
ਦਸਿਆ ਜਾ ਰਿਹਾ ਹੈ ਕਿ ਉਹ ਮੱਧ ਦਿੱਲੀ ਦੇ ਇਕ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਕੋਸ਼ਿਸ਼ ਕਰ ਰਿਹਾ ਸੀ।
Delhi News: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਪੈਸ਼ਲ ਸੈੱਲ ਨੇ ਹਾਸ਼ਮ ਬਾਬਾ ਗੈਂਗ ਦੇ ਸਰਗਰਮ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਹਾਸ਼ਿਮ ਬਾਬਾ ਗੈਂਗ ਦੇ ਇਸ ਸਰਗਨੇ ਦਾ ਨਾਂਅ ਆਰਿਬ ਉਰਫ ਆਸਿਫ ਦਸਿਆ ਜਾ ਰਿਹਾ ਹੈ। 24 ਸਾਲਾ ਕਰਦਮਪੁਰੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਕੋਲੋਂ ਇਕ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦਸਿਆ ਜਾ ਰਿਹਾ ਹੈ ਕਿ ਉਹ ਮੱਧ ਦਿੱਲੀ ਦੇ ਇਕ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਕੋਸ਼ਿਸ਼ ਕਰ ਰਿਹਾ ਸੀ।
ਦਸਿਆ ਜਾ ਰਿਹਾ ਹੈ ਕਿ ਆਸਿਫ਼ ਨੂੰ ਜੇਲ ਵਿਚ ਬੰਦ ਅਪਣੇ ਆਕਾ ਹਾਸ਼ਿਮ ਬਾਬਾ ਤੋਂ ਲਗਾਤਾਰ ਹਦਾਇਤਾਂ ਮਿਲ ਰਹੀਆਂ ਸਨ। ਗੈਂਗਸਟਰ ਹਾਸ਼ਮ ਬਾਬਾ ਦੇ ਨਿਰਦੇਸ਼ਾਂ 'ਤੇ ਉਹ ਦਿੱਲੀ ਦੇ ਇਕ ਕਾਰੋਬਾਰੀ ਤੋਂ ਪੈਸੇ ਵਸੂਲਣ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਨੇ ਇਸ ਗਿਰੋਹ ਤੋਂ ਵਪਾਰੀ ਦਾ ਫ਼ੋਨ ਨੰਬਰ, ਉਸ ਦਾ ਪਤਾ ਅਤੇ ਉਸ ਦੀ ਫੋਟੋ ਬਰਾਮਦ ਕਰ ਲਈ ਹੈ। ਦਸਿਆ ਜਾ ਰਿਹਾ ਹੈ ਕਿ ਵਪਾਰੀ ਪਟੇਲ ਨਗਰ ਦਾ ਰਹਿਣ ਵਾਲਾ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ (ਸਪੈਸ਼ਲ ਸੈੱਲ) ਅਮਿਤ ਕੌਸ਼ਿਕ ਨੇ ਦਸਿਆ ਕਿ ਸੂਚਨਾ ਮਿਲੀ ਸੀ ਕਿ ਆਸਿਫ਼ ਕਿਸੇ ਨੂੰ ਮਿਲਣ ਲਈ ਕਰਦਮਪੁਰੀ ਆ ਰਿਹਾ ਹੈ, ਜਿਸ ਤੋਂ ਬਾਅਦ ਜਾਲ ਵਿਛਾਇਆ ਗਿਆ। ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ ਉਸ ਨੇ ਦਸਿਆ ਕਿ ਗਿਰੋਹ ਦੇ ਸੀਨੀਅਰ ਮੈਂਬਰਾਂ ਨੇ ਉਸ ਨੂੰ ਕਾਰੋਬਾਰੀ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਉਸ ਤੋਂ 50 ਲੱਖ ਰੁਪਏ ਦੀ ਲੁੱਟ ਕਰਨ ਦੇ ਨਿਰਦੇਸ਼ ਦਿਤੇ ਸਨ। ਪੁਲਿਸ ਅਧਿਕਾਰੀ ਨੇ ਅੱਗੇ ਦਸਿਆ ਕਿ ਸਾਲ 2018 'ਚ ਜਦੋਂ ਆਸਿਫ 18 ਸਾਲ ਦਾ ਸੀ ਤਾਂ ਉਹ ਹਾਸ਼ਿਮ ਬਾਬਾ ਗੈਂਗ ਦੇ ਸਰਗਰਮ ਮੈਂਬਰ ਸਲਮਾਨ ਭੋਂਚੀ ਦੇ ਸੰਪਰਕ 'ਚ ਆਇਆ ਅਤੇ ਫਿਰ ਉਸ ਦੇ ਜ਼ਰੀਏ ਉਹ ਹਾਸ਼ਿਮ ਬਾਬਾ ਤਕ ਪਹੁੰਚਿਆ ਅਤੇ ਬਾਅਦ 'ਚ ਉਹ ਗੈਂਗ 'ਚ ਸ਼ਾਮਲ ਹੋ ਗਿਆ।