
ਪੁਲਿਸ ਨੇ ਪਹੁੰਚ ਕੇ ਕੀਤਾ 15 ਨੂੰ ਗ੍ਰਿਫ਼ਤਾਰ
ਨਵੀਂ ਦਿੱਲੀ: ਦਿੱਲੀ ਦੇ ਇਕ ਫਾਰਮ ਹਾਉਸ ਵਿਚ ਅਪਰਾਧੀਆਂ ਦੀ ਇਕ ਗੈਂਗ ਦੀ ਪਾਰਟੀ ਵਿਚ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਹੁੰਚ ਕੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਪਾਰਟੀ ਵਿਚ ਸਪੈਸ਼ਲ ਸੈਲ ਦੋ ਪੁਲਿਸ ਕਰਮੀ ਵੀ ਮਿਲੇ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਪੁਲਿਸ ਕਰਮੀ ਉੱਥੇ ਕਿਉਂ ਗਏ ਸਨ। ਦਿੱਲੀ ਦੀ ਗਾਂ ਡੇਅਰੀ ਦੇ ਫਾਰਮ ਹਾਉਸ ਕੋਲ ਅਪਰਾਧੀਆਂ ਦੀ ਪਾਰਟੀ ਚਲ ਰਹੀ ਸੀ।
Party
ਪਾਰਟੀ ਵਿਚ ਦਿੱਲੀ ਦੀ ਕਪਿਲ ਸਾਂਗਵਾਨ ਦੀ ਗੈਂਗ ਦੇ ਕਈ ਮੈਂਬਰ ਸਨ। ਉਹਨਾਂ ਨੂੰ ਗੈਂਗ ਦੇ ਮੁੱਖੀ ਕਪਿਲ ਸਾਂਗਵਾਨ ਦਾ ਇੰਤਜ਼ਾਰ ਸੀ। ਪਾਰਟੀ ਵਿਚ ਕੋਈ ਸ਼ਰਾਬ ਪੀ ਰਿਹਾ ਸੀ ਤੇ ਕੋਈ ਹਥਿਆਰ ਲਹਿਰਾ ਰਿਹਾ ਸੀ। ਇਸੇ ਵਕਤ ਪੁਲਿਸ ਕਰਮੀ ਪਾਰਟੀ ਵਿਚ ਪਹੁੰਚ ਗਏ। ਪੁਲਿਸ ਦੇ ਪਹੁੰਚਣ 'ਤੇ ਕੁੱਝ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਹਥਿਆਰ ਅਤੇ ਡੰਡੇ ਦਿਖਾ ਕੇ ਸਾਰਿਆਂ ਨੂੰ ਫੜ ਲਿਆ।
Delhi
ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਕਮਿਸ਼ਨਰ ਅਜੀਤ ਕੁਮਾਰ ਸਿੰਗਲਾ ਮੁਤਾਬਕ ਪਾਰਟੀ ਵਿਚ ਕਪਿਲ ਸਾਂਗਵਾਨ ਦੀ ਗੈਂਗ ਦੇ ਮੈਂਬਰਾਂ ਦੇ ਪਰਵਾਰ ਵਾਲੇ ਵੀ ਮੌਜੂਦ ਸਨ ਅਤੇ ਇਸ ਵਿਚ ਔਰਤਾਂ ਵੀ ਮੌਜੂਦ ਸਨ। ਪਾਰਟੀ ਵਿਚ ਕੁੱਲ 54 ਲੋਕ ਸਨ ਜਿਹਨਾਂ ਵਿਚੋਂ ਹੁਣ ਤਕ 15 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਕਪਿਲ ਸਾਂਗਵਾਨ ਦੇ ਇਹਨਾਂ ਮੈਂਬਰਾਂ ਵਿਰੁਧ ਕਈ ਮਾਮਲੇ ਦਰਜ ਹਨ।
ਇਹ ਪਾਰਟੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ ਦੀ ਖੁਸ਼ੀ ਵਿਚ ਰੱਖੀ ਗਈ ਸੀ। ਪੁਲਿਸ ਨੇ ਇਹਨਾਂ ਅਪਰਾਧੀਆਂ ਕੋਲੋਂ 9 ਪਿਸਤੌਲ ਅਤੇ 65 ਕਾਰਤੂਸ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਕ ਇਸ ਪਾਰਟੀ ਵਿਚ ਸਪੈਸ਼ਲ ਸੈਲ ਦੇ ਦੋ ਪੁਲਿਸ ਕਰਮੀ ਵੀ ਸਨ ਜਿਹਨਾਂ ਨੂੰ ਫੜਨ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਪੁਲਿਸ ਬਾਕੀਆਂ ਦੀ ਭਾਲ ਕਰ ਰਹੀ ਹੈ।