
ਭਾਰਤੀ ਰੇਲਵੇ ਤਕਨੀਕ ਦੇ ਸਹਾਰੇ ਅਪਣੇ ਢਾਂਚੇ ਵਿਚ ਕਈ ਵੱਡੇ ਬਦਲਾਅ ਕਰ ਰਹੀ ਹੈ।
ਨਵੀਂ ਦਿੱਲੀ: ਭਾਰਤੀ ਰੇਲਵੇ ਤਕਨੀਕ ਦੇ ਸਹਾਰੇ ਅਪਣੇ ਢਾਂਚੇ ਵਿਚ ਕਈ ਵੱਡੇ ਬਦਲਾਅ ਕਰ ਰਹੀ ਹੈ। ਇਸ ਲੜੀ ਵਿਚ ਹੁਣ ਰੇਲਵੇ ਟਰੇਨਾਂ ਦੇ ਹਰ ਡੱਬੇ ਵਿਚ ਲਾਈਵ ਲੋਕੇਸ਼ਨ ਐਕਸੇਸ ਕਰਨ ਦਾ ਫੀਚਰ ਜੋੜ ਰਹੀ ਹੈ। ਇਸ ਕੰਮ ਨੂੰ ਰੇਡੀਓ-ਫ੍ਰਿਕਵੈਂਸੀ ਆਈਡੈਂਟਿਫਿਕੇਸ਼ਨ ਟੈਗ (Radio-frequency identification tag) ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਰੇਲਵੇ ਇਸ ਨੂੰ ਹਰ ਡੱਬੇ ਵਿਚ ਲਗਾ ਰਹੀ ਹੈ।
Train
ਰੇਲਵੇ ਨੇ ਤੈਅ ਕੀਤਾ ਹੈ ਕਿ ਦਸੰਬਰ 2022 ਤੱਕ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਟੈਗ ਦੇ ਜ਼ਰੀਏ ਰੇਲਵੇ ਦੇ ਕਿਸੇ ਵੀ ਡੱਬੇ ਦਾ ਪਤਾ ਲਗਾਇਆ ਜਾ ਸਕਦਾ ਹੈ। ਹੁਣ ਤੱਕ 23000 ਰੇਲਵੇ ਡੱਬਿਆਂ ਵਿਚ ਆਰਐਫਆਈਡੀ ਟੈਗ ਲਗਾਏ ਜਾ ਚੁੱਕੇ ਹਨ। ਇਸ ਨਾਲ ਸਾਰੇ ਡੱਬਿਆਂ ਅਤੇ ਇੰਜਣਾਂ ਦੀ ਸਹੀ ਸਥਿਤੀ ਪਤਾ ਕਰਨਾ ਅਸਾਨ ਹੋ ਜਾਵੇਗਾ।
Train
ਰੇਲਵੇ ਮੁਤਾਬਕ ਫਿਲਹਾਲ ਟਰੇਨਾਂ ਦੇ ਡੱਬਿਆਂ ਅਤੇ ਇੰਜਣਾਂ ‘ਤੇ ਇਹ ਸੂਚਨਾ ਲਿਖਤੀ ਵਿਚ ਛਪੀ ਹੁੰਦੀ ਹੈ, ਜਿਸ ਵਿਚ ਗਲਤੀਆਂ ਦੀ ਕਾਫੀ ਸੰਭਾਵਨਾ ਹੁੰਦੀ ਹੈ ਪਰ ਇਸ ਨਵੀਂ ਤਕਨੀਕ ਦੇ ਜ਼ਰੀਏ ਗਲਤੀਆਂ ਦੀ ਸੰਭਾਵਨਾ ਖਤਮ ਹੋ ਜਾਵੇਗੀ। ਜਿੱਥੇ ਡੱਬੇ ਬਣ ਕੇ ਤਿਆਰ ਹੁੰਦੇ ਹਨ, ਉੱਥੇ ਹੀ ਆਰਐਫਆਈਡੀ ਟੈਗ ਲਗਾਏ ਜਾਣਗੇ।
Location
ਜਦਕਿ ਇਹਨਾਂ ਟੈਗਸ ਨੂੰ ਪੜ੍ਹਨ ਵਾਲੇ ਉਪਕਰਣ ਰੇਲਵੇ ਸਟੇਸ਼ਨਾਂ ਅਤੇ ਰੇਲ ਪਟੜੀਆਂ ਦੇ ਕੋਲ ਲਗਾਏ ਜਾਣਗੇ, ਜੋ ਕਿ ਡੱਬਿਆਂ ਤੋਂ ਲੱਗੇ ਟੈਗ ਨੂੰ ਦੋ ਮੀਟਰ ਦੀ ਦੂਰੀ ਤੋਂ ਹੀ ਪੜ੍ਹ ਲੈਣਗੇ ਅਤੇ ਡੱਬਿਆਂ ਦੀ ਪਛਾਣ ਕਰ ਕੇ ਉਸ ਨਾਲ ਸਬੰਧਤ ਅੰਕੜਿਆਂ ਨੂੰ ਕੇਂਦਰੀ ਕੰਪਿਊਟਰਾਈਜ਼ਡ ਸਿਸਟਮ ਤੱਕ ਪਹੁੰਚਾ ਦੇਣਗੇ। ਇਸ ਨਾਲ ਕਾਰਗੋ ਕੋਚ, ਯਾਤਰੀ ਡੱਬਿਆਂ ਅਤੇ ਇੰਜਣਾਂ ਦੀ ਘਾਟ ਦੀ ਸਮੱਸਿਆ ਨੂੰ ਤੇਜ਼ੀ ਅਤੇ ਵਧੇਰੇ ਪਾਰਦਰਸ਼ੀ ਢੰਗ ਨਾਲ ਹੱਲ ਕਰਨ ਵਿਚ ਸਹਾਇਤਾ ਮਿਲ ਸਕੇਗੀ।