
ਕਿਹਾ - 'ਡੋਨਾਲਡ ਟਰੰਪ ਮੂਰਖ ਹੈ ; ਮੋਦੀ ਕਦੇ ਨਹੀਂ ਹੋ ਸਕਦੈ ਫ਼ਾਦਰ ਆਫ਼ ਇੰਡੀਆ'
ਹੈਦਰਾਬਾਦ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਫ਼ਾਦਰ ਆਫ਼ ਇੰਡੀਆ' ਦੱਸੇ ਜਾਣ 'ਤੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੂਰ-ਦੂਰ ਤਕ 'ਫ਼ਾਦਰ ਆਫ਼ ਇੰਡੀਆ' ਨਹੀਂ ਹੈ। ਓਵੈਸੀ ਨੇ ਇਹ ਵੀ ਕਿਹਾ ਕਿ ਡੋਨਾਲਡ ਟਰੰਪ ਇਕ ਮੂਰਖ ਵਿਅਕਤੀ ਹੈ ਅਤੇ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਹੈ। ਨਾ ਉਸ ਨੂੰ ਭਾਰਤੀ ਇਤਿਹਾਸ ਬਾਰੇ ਕੁਝ ਪਤਾ ਹੈ ਅਤੇ ਨਾ ਮਹਾਤਮਾ ਗਾਂਧੀ ਬਾਰੇ। ਟਰੰਪ ਨੂੰ ਦੁਨੀਆ ਬਾਰੇ ਕੁਝ ਪਤਾ ਹੀ ਨਹੀਂ ਹੈ।
Modi with Trump
ਓਵੈਸੀ ਨੇ ਕਿਹਾ, "ਡੋਨਾਲਡ ਟਰੰਪ ਨੇ ਮੋਦੀ ਨੂੰ 'ਫ਼ਾਦਰ ਆਫ਼ ਇੰਡੀਆ' ਦੱਸਿਆ ਹੈ। ਟਰੰਪ ਮੂਰਖ ਹੈ ਅਤੇ ਅਨਪੜ੍ਹ ਹੈ। ਗਾਂਧੀ ਅਤੇ ਮੋਦੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਜੇ ਟਰੰਪ ਨੂੰ ਪਤਾ ਹੁੰਦਾ ਤਾਂ ਇਸ ਤਰ੍ਹਾਂ ਦੀ ਜੁਮਲੇਬਾਜ਼ੀ ਨਹੀਂ ਕਰਦਾ। ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦਾ ਖ਼ਿਤਾਬ ਇਸ ਲਈ ਮਿਲਿਆ, ਕਿਉਂਕਿ ਉਨ੍ਹਾਂ ਨੇ ਇਹ ਹਾਸਲ ਕੀਤਾ ਸੀ। ਲੋਕਾਂ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਵੇਖਦਿਆਂ ਉਨ੍ਹਾਂ ਨੂੰ ਇਹ ਰੁਤਬਾ ਦਿੱਤਾ ਸੀ। ਇਸ ਤਰ੍ਹਾਂ ਦੇ ਰੁਤਬੇ ਦਿੱਤੇ ਨਹੀਂ ਜਾਂਦੇ, ਸਗੋਂ ਹਾਸਲ ਕੀਤੇ ਜਾਂਦੇ ਹਨ। ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਹਿੰਦੋਸਤਾਨ ਦੀ ਸਿਆਸਤ ਦੀ ਅਹਿਮ ਸ਼ਖ਼ਸੀਅਤਾਂ ਸਨ, ਉਨ੍ਹਾਂ ਨੂੰ ਕਦੇ 'ਫ਼ਾਦਰ ਆਫ਼ ਇੰਡੀਆ' ਨਹੀਂ ਕਿਹਾ ਗਿਆ।"
Asaduddin Owaisi
ਓਵੈਸੀ ਨੇ ਕਿਹਾ, "ਨਰਿੰਦਰ ਮੋਦੀ ਨੂੰ ਏਲਿਵਸ ਪ੍ਰੇਸਲੀ ਕਿਹਾ ਗਿਆ। ਇਸ 'ਚ ਸੱਚਾਈ ਹੋ ਸਕਦੀ ਹੈ। ਏਲਿਵਸ ਪ੍ਰੇਸਲੀ ਬਾਰੇ ਜੋ ਮੈਂ ਪੜ੍ਹਿਆ ਹੈ, ਵਧੀਆ ਗੀਤ ਗਾਉਂਦੇ ਸਨ ਅਤੇ ਚੰਗੀ ਭੀੜ ਇਕੱਤਰ ਹੁੰਦੀ ਸੀ। ਸਾਡੇ ਪ੍ਰਧਾਨ ਮੰਤਰੀ ਵੀ ਵਧੀਆ ਭਾਸ਼ਣ ਦਿੰਦੇ ਹਨ ਅਤੇ ਭੀੜ ਇਕੱਤਰ ਕਰਦੇ ਹਨ। ਇਹ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਟਰੰਪ, ਇਮਰਾਨ ਖ਼ਾਨ ਅਤੇ ਮੋਦੀ ਨਾਲ ਡਬਲ ਗੇਮ ਖੇਡ ਰਹੇ ਹਨ। ਉਨ੍ਹਾਂ ਦੀ ਖੇਡ ਨੂੰ ਸਮਝਣ ਦੀ ਲੋੜ ਹੈ।"