
ਜਾਣੋ ਧੋਖਾਧੜੀ ਤੋਂ ਬਚਣ ਦਾ ਤਰੀਕਾ
ਵਿਦੇਸ਼ਾਂ ’ਚ ਫਰਜ਼ੀ ਨੌਕਰੀ ਦੇ ਰੈਕੇਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਚੌਕਸ ਕਰਦੇ ਹੋਏ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। MEA ਨੇ ਆਪਣੀ ਐਡਵਾਈਜ਼ਰੀ 'ਚ ਕਿਹਾ ਹੈ ਕਿ ਉਹ ਨੌਕਰੀ ਲਈ ਦੇਸ਼ ਛੱਡਣ ਤੋਂ ਪਹਿਲਾਂ ਨੌਕਰੀ ਦੇਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਭਰੋਸੇਯੋਗਤਾ ਅਤੇ ਭਰਤੀ ਏਜੰਟਾਂ ਦੇ ਪਿਛੋਕੜ ਦੀ ਜਾਂਚ ਕਰ ਲੈਣ। ਸਰਕਾਰ ਨੇ ਇਹ ਸਲਾਹ ਮਿਆਂਮਾਰ ’ਚ ਕਈ ਭਾਰਤੀਆਂ ਨੂੰ ਨੌਕਰੀ ਦੇਣ ਦੇ ਨਾਂ ’ਤੇ ਕੀਤੀ ਗਈ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਰੀ ਕੀਤੀ ਹੈ।
ਨੌਜਵਾਨ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਔਨਲਾਈਨ ਮਾਧਿਅਮਾਂ ਰਾਹੀਂ ਦਿੱਤੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਦਾ ਸ਼ਿਕਾਰ ਨਾ ਹੋਵੋ। ਥਾਈਲੈਂਡ 'ਚ ਰੋਜ਼ਗਾਰ ਦੇਣ ਦੇ ਨਾਂ 'ਤੇ ਭਾਰਤੀ ਨੌਜਵਾਨਾਂ ਨੂੰ ਫਰਜ਼ੀ ਨੌਕਰੀ ਦੇ ਰੈਕੇਟ 'ਚ ਫਸਾਏ ਜਾਣ ਦੇ ਮਾਮਲੇ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।
ਆਈਟੀ ਸੈਕਟਰ ਨਾਲ ਜੁੜੇ ਭਾਰਤੀ ਨੌਜਵਾਨਾਂ ਨੂੰ ਦੁਬਈ ਅਤੇ ਭਾਰਤ ਵਿਚ ਬੈਠੇ ਏਜੰਟਾਂ ਰਾਹੀਂ ਸੋਸ਼ਲ ਮੀਡੀਆ ਦੇ ਇਸ਼ਤਿਹਾਰਾਂ ਰਾਹੀਂ ਥਾਈਲੈਂਡ ਵਿਚ ਚੰਗੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਫਿਰ ਪੀੜਤ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮਿਆਂਮਾਰ ਲਿਜਾ ਕੇ ਬੰਧਕ ਬਣਾ ਲਿਆ ਗਿਆ ਅਤੇ ਔਖੇ ਹਾਲਾਤਾਂ ਵਿਚ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ।
ਸ਼ੱਕੀ ਆਈਟੀ ਫਰਮਾਂ ਵੱਲੋਂ 100 ਤੋਂ ਵੱਧ ਕਾਮਿਆਂ ਨੂੰ ਮਿਆਂਮਾਰ ਲਿਜਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਈਲੈਂਡ ਅਤੇ ਮਿਆਂਮਾਰ ਵਿਚ ਭਾਰਤੀ ਦੂਤਾਵਾਸ ਪਹਿਲਾਂ ਹੀ ਇਸ ਘੁਟਾਲੇ ਬਾਰੇ ਐਡਵਾਇਜ਼ਰੀ ਜਾਰੀ ਕਰ ਚੁੱਕੇ ਹਨ ਅਤੇ ਭਾਰਤੀ ਪੱਖ ਨੇ ਇਹ ਮਾਮਲਾ ਦੋਵਾਂ ਦੇਸ਼ਾਂ ਕੋਲ ਉਠਾਇਆ ਹੈ। ਇਹ ਰੈਕੇਟ ਕਾਲ-ਸੈਂਟਰ ਘੁਟਾਲੇ ਅਤੇ ਕ੍ਰਿਪਟੋ-ਮੁਦਰਾ ਧੋਖਾਧੜੀ ਵਿਚ ਸ਼ਾਮਲ ਸ਼ੱਕੀ ਆਈਟੀ ਫਰਮਾਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ।