
ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨੂੰ ਛੱਡਣ ਦੇ ਕਰਨਾਟਕ ਸਰਕਾਰ ਦੇ ਫ਼ੈਸਲੇ ਵਿਰੁਧ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ
ਬੈਂਗਲੁਰੂ: ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨੂੰ ਛੱਡਣ ਦੇ ਕਰਨਾਟਕ ਸਰਕਾਰ ਦੇ ਫ਼ੈਸਲੇ ਵਿਰੁਧ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਈ ਕਿਸਾਨ ਪੱਖੀ ਅਤੇ ਕੰਨੜ ਪੱਖੀ ਸੰਗਠਨਾਂ ਨੇ 29 ਸਤੰਬਰ ਨੂੰ 'ਬੈਂਗਲੁਰੂ ਬੰਦ' ਦਾ ਐਲਾਨ ਕੀਤਾ ਹੈ। ਕੰਨੜ ਸਮਰਥਕ ਕਾਰਕੁਨ ਵਟਲ ਨਾਗਰਾਜ ਨੇ ਵੀ 29 ਸਤੰਬਰ ਨੂੰ ਕਰਨਾਟਕ ਬੰਦ ਦਾ ਸੱਦਾ ਦਿਤਾ ਹੈ।
ਮੀਡੀਆ ਨਾਲ ਗੱਲ ਕਰਦਿਆਂ ਵਟਲ ਨਾਗਰਾਜ ਨੇ ਕਿਹਾ ਕਿ ਕੰਨੜ ਸੰਘ ਵਲੋਂ ਇਹ ਬੰਦ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ 29 ਸਤੰਬਰ ਨੂੰ ਪੂਰਨ ਕਰਨਾਟਕ ਬੰਦ ਦੀ ਯੋਜਨਾ ਬਣਾਈ ਹੈ।
ਕੰਨੜ ਸਮਰਥਕ ਕਾਰਕੁਨ ਅਤੇ ਸਾਬਕਾ ਵਿਧਾਇਕ ਵਟਲ ਨਗਰਾਹ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦਸਿਆ, “29 ਸਤੰਬਰ ਨੂੰ ਪੂਰੇ ਕਰਨਾਟਕ ਵਿਚ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਜ ਭਰ ਵਿਚ 1000 ਤੋਂ ਵੱਧ ਸੰਗਠਨਾਂ ਨੇ ਸਾਡੇ ਬੰਦ ਦਾ ਸਮਰਥਨ ਕੀਤਾ ਹੈ। ਸਾਡੇ ਕੋਲ ਕਰਾਵੇ ਸ਼ਿਵਰਾਮਗੌੜਾ ਅਤੇ ਪ੍ਰਵੀਨ ਸ਼ੈੱਟੀ ਸਮੇਤ ਕੰਨੜ ਪੱਖੀ ਸੰਗਠਨਾਂ ਦਾ ਸਮਰਥਨ ਵੀ ਹੈ।
ਇਸ ਦੌਰਾਨ ਸ਼ਹਿਰ ਵਿਚ ਹਸਪਤਾਲ, ਨਰਸਿੰਗ ਹੋਮ, ਫਾਰਮੇਸੀ, ਸਰਕਾਰੀ ਦਫ਼ਤਰ, ਬੈਂਕ ਅਤੇ ਮੈਟਰੋ ਖੁੱਲ੍ਹੇ ਰਹਿਣਗੇ। ਵਪਾਰਕ ਅਦਾਰੇ, ਮਾਲ, ਉਦਯੋਗ, ਆਨਲਾਈਨ ਟੈਕਸੀਆਂ, ਕੈਬ, ਬਾਈਕ ਸੇਵਾਵਾਂ, ਆਟੋਰਿਕਸ਼ਾ, ਪ੍ਰਾਈਵੇਟ ਟਰਾਂਸਪੋਰਟ, ਸਟ੍ਰੀਟ ਵਿਕਰੇਤਾ, ਹੋਟਲ, ਰੈਸਟੋਰੈਂਟ, ਥੀਏਟਰ, ਮਲਟੀਪਲੈਕਸ ਸੱਭ ਬੰਦ ਰਹਿਣਗੇ। ਇਸ ਮੌਕੇ ਸਕੂਲਾਂ, ਕਾਲਜਾਂ, ਆਈਟੀ ਕੰਪਨੀਆਂ ਅਤੇ ਫਿਲਮ ਚੈਂਬਰਾਂ ਨੂੰ ਬੰਦ ਦੇ ਸਮਰਥਨ ਵਿਚ ਛੁੱਟੀ ਦਾ ਐਲਾਨ ਕਰਨ ਦੀ ਅਪੀਲ ਕੀਤੀ ਗਈ ਹੈ।