
25 ਸਾਲਾਂ ਦਾ ਟੁੱਟ ਗਿਐ ਰਿਕਾਰਡ
ਉਤਰਾਖੰਡ, ਅੰਮ੍ਰਿਤਸਰ : ਪਿਛਲੇ ਦਿਨਾਂ ਤੋਂ ਪੈ ਰਹੀ ਸਰਦੀ ਹੁਣ ਭਰ ਜੋਬਨ ਪਹੁੰਚ ਚੁੱਕੀ ਹੈ। ਪਹਾੜੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਮੈਦਾਨੀਆਂ ਇਲਾਕਿਆਂ 'ਚ ਵੀ ਠੰਡ ਦਾ ਪ੍ਰਕੋਪ ਪ੍ਰਚੰਡ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬਰਫ਼ ਨੇ ਅਪਣੀ ਬੁੱਕਲ ਹੇਠ ਸਮੇਟ ਲਿਆ ਹੈ। ਇਸ ਕਾਰਨ ਕੁੱਝ ਥਾਵਾਂ 'ਤੇ ਬਿਜਲੀ ਸਪਲਾਈ ਵਿਚ ਵੀ ਵਿਘਨ ਪੈਣ ਦੀਆਂ ਖ਼ਬਰਾਂ ਹਨ। ਇਸ ਬਰਫ਼ਬਾਰੀ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿਤਾ ਹੈ।
Photo
ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਰ੍ਹੇ ਅੰਕਤੂਬਰ ਦੇ ਪਹਿਲੇ ਹਫ਼ਤੇ ਬੰਦ ਹੋ ਗਈ ਸੀ। ਇਸ ਤੋਂ ਬਾਅਦ 10 ਅਕਤੂਬਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਵਾੜ ਬੰਦ ਕਰ ਦਿਤੇ ਗਏ ਸਨ। ਇਸ ਉਪਰੰਤ 15 ਅਕਤੂਬਰ ਨੂੰ ਗੁਰਦੁਆਰਾ ਗੋਬਿੰਦਧਾਮ ਦੇ ਦੁਆਰ ਵੀ ਬੰਦ ਕਰ ਦਿਤੇ ਗਏ ਸਨ। ਜਦਕਿ ਸਭ ਤੋਂ ਹੇਠਲੇ ਸਥਾਨ 'ਤੇ ਸੁਸ਼ੋਭਿਤ ਗੁਰਦੁਆਰਾ ਗੋਬਿੰਦਘਾਟ ਸੰਗਤਾਂ ਲਈ ਸਾਰਾ ਸਾਲ ਖੁਲ੍ਹਾ ਰਹਿੰਦਾ ਹੈ। ਇਕ ਅੰਦਾਜ਼ੇ ਮੁਤਾਬਕ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਤਕਰੀਬਨ 15 ਫੁਟ ਤਕ ਬਰਫ਼ ਪਵੇਗੀ।
Photo
ਭਾਰੀ ਬਰਫ਼ਬਾਰੀ ਕਾਰਨ ਇਸ ਇਲਾਕੇ ਵਿਚ ਕਈ ਥਾਈ ਬਿਜਲੀ ਸਪਲਾਈ ਵਿਚ ਵੀ ਵਿਘਣ ਪੈਣ ਦੀਆਂ ਖ਼ਬਰਾਂ ਹਨ। ਇੱਥੇ ਆਮ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸੇ ਦੌਰਾਨ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦਸਿਆ ਕਿ 12 ਦਸੰਬਰ ਦੀ ਰਾਤ ਨੂੰ ਭਾਰੀ ਬਰਫਬਾਰੀ ਹੋਈ ਸੀ, ਜਿਸ ਕਾਰਨ ਗੋਬਿੰਦਘਾਟ ਦੇ ਇਲਾਕੇ ਵਿਚ ਦੋ ਫੁੱਟ ਤੋਂ ਵਧੇਰੇ ਬਰਫ਼ ਜੰਮ ਗਈ। ਉਨ੍ਹਾਂ ਦਸਿਆ ਕਿ ਤਕਰੀਬਨ 13 ਕਿਲੋਮੀਟਰ ਉਪਰ ਗੁਰਦੁਆਰਾ ਗੋਬਿੰਦਧਾਮ ਵਿਖੇ ਵੀ ਪੰਜ ਤੋਂ ਛੇ ਫੁੱਟ ਤਕ ਬਰਫ਼ ਪੈ ਚੁੱਕੀ ਹੈ।
Photo
ਕਾਬਲੇਗੌਰ ਹੈ ਕਿ ਦਸੰਬਰ ਮਹੀਨੇ ਦੌਰਾਨ ਅਜਿਹੀ ਠੰਡ ਹੋਣਾ ਅਪਣੇ ਆਪ ਵਿਚ ਰਿਕਾਰਡ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਆਉਂਦੇ ਦਿਨਾਂ ਵਿਚ ਠੰਡ ਹੋਰ ਵਧਣ ਦੇ ਅਸਾਰ ਹਨ। ਸੋ ਆਉਂਦੇ ਦਿਨਾਂ 'ਚ ਪਹਾੜੀ ਇਲਾਕਿਆਂ ਅੰਦਰ ਪੈ ਰਹੀ ਬਰਫ 'ਚ ਹੋਰ ਇਜਾਫ਼ਾ ਹੋਣ ਦੀ ਉਮੀਦ ਹੈ। ਇਸ ਦੌਰਾਨ ਵੱਡੀ ਗਿਣਤੀ ਸੈਲਾਨੀ ਬਰਫ਼ਬਾਰੀ ਦਾ ਮਜ਼ਾ ਲੈਣ ਲਈ ਪਹਾੜੀ ਇਲਾਕਿਆਂ ਵੱਲ ਜਾ ਰਹੇ ਹਨ। ਇਸ ਕਿੱਤੇ ਨਾਲ ਜੁੜੇ ਲੋਕਾਂ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੈ ਜਦਕਿ ਪਹਾੜੀ ਇਲਾਕਿਆਂ ਦੇ ਮੂਲ ਬਸ਼ਿੰਦਿਆਂ ਹੱਦੋਂ ਵੱਧ ਬਰਫ਼ਬਾਰੀ ਕਾਰਨ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।