
ਅਦਾਲਤ ਨੇ ਦਲੀਲ ਨਾਲ ਸਹਿਮਤ ਨਾ ਹੁੰਦਿਆਂ ਰੱਦ ਕੀਤੀ ਪਟੀਸ਼ਨ
ਨਵੀਂ ਦਿੱਲੀ : ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਲੋਕ ਹਿਤੈਸ਼ੀਆਂ ਵਲੋਂ ਸਮੇਂ ਸਮੇਂ ਆਵਾਜ਼ ਉਠਾਈ ਜਾਂਦੀ ਰਹੀ ਹੈ। ਇਸ ਮਾਮਲੇ 'ਚ ਹੁਣ ਅਦਾਲਤਾਂ ਤੇ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿਤੀ ਹੈ। ਅਜਿਹੇ ਹੀ ਇਕ ਮਾਮਲੇ 'ਚ ਔਰਤ ਨਾਲ ਛੇੜਛਾੜ ਦੇ ਦੋਸ਼ੀ ਨੂੰ ਜੇਲ੍ਹ ਦੀ ਹਵਾਂ ਖਾਣੀ ਪਈ ਹੈ। ਇਸ ਮਾਮਲੇ 'ਚ ਦੋਸ਼ੀ ਨੂੰ ਅਦਾਲਤ ਸਾਹਮਣੇ ਪੇਸ਼ ਕਰਨ 'ਤੇ ਉਸ ਵਲੋਂ ਅਦਾਲਤ ਸਾਹਮਣੇ ਅਪਣੇ ਬਚਾਅ 'ਚ ਦਿਤੀ ਦਲੀਲ ਨੂੰ ਸੁਣ ਕੇ ਅਦਾਲਤ ਵੀ ਹੈਰਾਨ ਰਹਿ ਗਈ।
Photo
ਦਰਅਸਲ ਛੇੜਛਾੜ ਦੇ ਦੋਸ਼ ਤਹਿਤ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰ ਰਹੇ ਇਸ ਸ਼ਖ਼ਸ ਨੇ ਦਿੱਲੀ ਹਾਈ ਕੋਰਟ ਕੋਲ ਅਪਣਾ ਕੇਸ ਰੱਦ ਕਰਨ ਲਈ ਦਲੀਲ ਦਿਤੀ ਕਿ ਉਸ 'ਚ ਔਰਤਾਂ ਪ੍ਰਤੀ ਕੋਈ ਖਿੱਚ ਹੀ ਨਹੀਂ ਹੈ। ਉਹ ਖੁਦ ਵੀ ਔਰਤ ਬਣਨ ਦੀ ਪ੍ਰਕਿਰਿਆ ਵਿਚ ਹੈ। ਹਾਲਾਂਕਿ ਅਦਾਲਤ ਨੇ ਉਸ ਦੀਆਂ ਦਲੀਲਾਂ ਨਾਲ ਸਹਿਮਤ ਨਾ ਹੁੰਦਿਆਂ ਉਸ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ ਹੈ। ਦੱਸਣਯੋਗ ਹੈ ਕਿ ਲਿੰਗਕ 'ਡਾਈਸਫੋਰਿਆ' ਇਕ ਅਜਿਹੀ ਬਿਮਾਰੀ ਹੈ, ਜਿਸ ਤੋਂ ਪੀੜਤ ਵਿਅਕਤੀ ਅਪਣੇ ਜੈਵਿਕ ਲਿੰਗ ਦੇ ਵਿਰੋਧ ਖੁਦ ਦੀ ਪਛਾਣ ਔਰਤ ਦੇ ਤੌਰ 'ਤੇ ਮਹਿਸੂਸ ਕਰਨੀ ਸ਼ੁਰੂ ਕਰ ਦਿੰਦਾ ਹੈ।
Photo
ਮੁਲਜ਼ਮ ਨੇ ਅਦਾਲਤ ਸਾਹਮਣੇ ਅਪਣਾ ਪੱਖ ਰਖਦਿਆਂ ਕਿਹਾ ਕਿ ਉਹ ਬਚਪਨ ਤੋਂ ਲਿੰਗਕ 'ਡਾਈਸਫੋਰੀਆ' ਤੋਂ ਪੀੜਤ ਹੈ। ਅਦਾਲਤ ਸਾਹਮਣੇ ਖੁਦ ਨੂੰ ਔਰਤ ਦਸਦਿਆਂ ਉਸ ਨੇ ਕਿਹਾ ਕਿ ਉਸ ਦੇ ਤਾਂ ਸ਼ਿਕਾਇਤਕਰਤਾ ਨਾਲ ਭੈਣਾਂ ਜਿਹੇ ਸਬੰਧ ਸਨ। ਇਸ ਲਈ ਉਹ ਕਦੇ ਛੇੜਛਾੜ ਕਰ ਹੀ ਨਹੀਂ ਸਕਦਾ। ਇਸੇ ਦੌਰਾਨ ਮਲਟੀਪਲ ਸਕਲੋਰੋਜਿਸ ਕਰ ਕੇ ਬੈੱਡ 'ਤੇ ਪਈ 33 ਸਾਲਾ ਪੀੜਤਾ ਨੂੰ ਵੀਲ ਚੇਅਰ 'ਤੇ ਅਦਾਲਤ ਵਿਚ ਲਿਆਂਦਾ ਗਿਆ, ਜਿਸ ਨੇ ਮਾਮਲੇ 'ਚ ਸਮਝੌਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ।
Photo
ਇਹ ਮਾਮਲਾ ਅਕਤੂਬਰ 2016 ਵਿਚ ਸਾਹਮਣੇ ਆਇਆ ਸੀ। ਦਰਜ ਐਫਆਈਆਰ ਮੁਤਾਬਕ ਮੁਲਜ਼ਮ ਤੇ ਪੀੜਤ ਔਰਤ 2014 ਵਿਚ ਨੋਇਡਾ ਦੀ ਇਕ ਕੰਪਨੀ ਵਿਚ ਇਕੱਠੇ ਕੰਮ ਕਰਦੇ ਸਨ। ਉਸ ਸਮੇਂ ਉਸ ਨੇ ਦਿੱਲੀ ਸਥਿਤ ਕਨੌਟ ਪਲੇਸ ਵਿਖੇ ਇਕ ਪਾਰਟੀ ਦੌਰਾਨ ਉਸ ਨਾਲ ਛੇੜਛਾੜ ਕੀਤੀ ਸੀ। ਔਰਤ ਦਾ ਦੋਸ਼ ਹੈ ਕਿ ਉਸ ਨੇ ਇਸ ਸਬੰਧੀ ਕਈ ਵਾਰ ਕੰਪਨੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।