
ਉੱਤਰ ਪ੍ਰਦੇਸ਼ ਦੇ ਅਮੇਠੀ ਸ਼ਹਿਰ ਵਿਖੇ ਅਕਾਲ ਤਖ਼ਤ ਐਕਸਪ੍ਰੈਲ ਰੇਲਗੱਡੀ ਵਿਚੋਂ ਇਕ ਛੋਟਾ ਬੰਬ ਅਤੇ ਇੰਡੀਅਨ ਮੁਜਾਹਦੀਨ ਦੇ ਨਾਂ ਤੋਂ ਇਕ ਧਮਕੀ ਭਰਿਆ ਪੱਤਰ ਵੀ ਬਰਾਮਦ ਕੀਤਾ..
ਅਮੇਠੀ/ਨਵੀਂ ਦਿੱਲੀ, 10 ਅਗੱਸਤ : ਉੱਤਰ ਪ੍ਰਦੇਸ਼ ਦੇ ਅਮੇਠੀ ਸ਼ਹਿਰ ਵਿਖੇ ਅਕਾਲ ਤਖ਼ਤ ਐਕਸਪ੍ਰੈਲ ਰੇਲਗੱਡੀ ਵਿਚੋਂ ਇਕ ਛੋਟਾ ਬੰਬ ਅਤੇ ਇੰਡੀਅਨ ਮੁਜਾਹਦੀਨ ਦੇ ਨਾਂ ਤੋਂ ਇਕ ਧਮਕੀ ਭਰਿਆ ਪੱਤਰ ਵੀ ਬਰਾਮਦ ਕੀਤਾ ਗਿਆ ਹੈ। ਦੂਜੇ ਪਾਸੇ ਦਿੱਲੀ ਪੁਲਿਸ ਨੇ ਦੋ ਵੱਖ ਮਾਮਲਿਆਂ ਵਿਚ ਅਲਕਾਇਦਾ ਨਾਲ ਸਬੰਧਤ ਦੋ ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੱਤਰ ਵਿਚ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਲਸ਼ਕਰ ਏ ਤੋਇਬ ਦਾ ਕਮਾਂਡਰ ਅਬੂ ਦੁਜਾਨਾ ਦੀ 'ਸ਼ਹਾਦਤ' ਦਾ ਬਦਲਾ ਲੈਣ ਦੀ ਧਮਕੀ ਦਿਤੀ ਗਈ ਹੈ। ਆਜ਼ਾਦੀ ਦਿਹਾੜੇ ਤੋਂ ਕੁੱਝ ਦਿਨ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਸ ਘਟਨਾ ਕਾਰਨ ਖ਼ੁਫ਼ੀਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਅਪਰ ਡੀ.ਜੀ.ਪੀ. (ਰੇਲਵੇ) ਬੀ.ਕੇ. ਮੌਰਿਆ ਨੇ ਦਸਿਆ ਕਿ ਅਕਾਲ ਤਖ਼ਤ ਐਕਸਪ੍ਰੈਸ ਵਿਚ ਬੰਬ ਦੀ ਸੂਚਨਾ ਮਿਲਣ 'ਤੇ ਜੀ.ਆਰ.ਪੀ. ਨੇ ਰੇਲਗੱਡੀ ਨੂੰ ਲਖਨਊ ਤੋਂ ਕਰੀਬ 70 ਕਿਲੋਮੀਟਰ ਦੂਰ ਅਕਬਰਗੰਜ ਰੇਲਵੇ ਸਟੇਸ਼ਨ 'ਤੇ ਰੋਕ ਲਿਆ ਅਤੇ ਪੂਰੀ ਗੱਡੀ ਖ਼ਾਲੀ ਕਰਵਾ ਕੇ ਤਲਾਸ਼ੀ ਸ਼ੁਰੂ ਕਰ ਦਿਤੀ। ਇਸ ਦੌਰਾਨ ਇਕ ਪੈਕੇਟ ਵਿਚ ਛੋਟਾ ਬੰਬ ਅਤੇ ਦੋ ਲਾਈਟਰ ਬਰਾਮਦ ਕੀਤੇ ਗਏ। ਤਲਾਸ਼ੀ ਦੌਰਾਨ ਬੰਬ ਵਾਲੇ ਪੈਕਟ ਵਿਚ ਇਕ ਪੱਤਰ ਵੀ ਮਿਲਿਆ। ਹਿੰਦੀ ਵਿਚ ਲਿਖੇ ਪੱਤਰ ਵਿਚ ਧਮਕੀ ਦਿੰਦਿਆਂ ਕਿਹਾ ਗਿਆ ਹੈ, ''ਦੁਜਾਨਾ ਦੀ ਸ਼ਹਾਦਤ ਦਾ ਬਦਲਾ ਹੁਣ ਹਿੰਦੁਸਤਨ ਨੂੰ ਚੁਕਾਉਣਾ ਪਵੇਗਾ-ਇੰਡੀਅਨ ਮੁਜਾਹਦੀਨ।''
ਤਿਲੋਈ ਦੀ ਪੁਲਿਸ ਅਧਿਥਾਰੀ ਵੀਨੂ ਸਿੰਘ ਨੇ ਦਸਿਆ ਕਿ ਦੇਰ ਰਾਤ ਕਰੀਬ ਸਵਾ ਇਕ ਵਜੇ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ਦੇ ਏ.ਸੀ. ਕੋਚ (ਬੀ3) ਦੇ ਬਾਥਰੂਮ ਵਿਚ ਇਹ ਬੰਬ ਬਰਾਮਦ ਕੀਤਾ ਗਿਆ। ਇਕ ਯਾਤਰੀ ਨੇ ਇਸ ਬਾਰੇ ਰੇਲਵੇ ਪੁਲਿਸ ਨੂੰ ਸੂਚਨਾ ਦਿਤੀ ਸੀ। ਬੰਬ ਨੂੰ ਨਕਾਰਾ ਕਰਕੇ ਫ਼ੌਰੈਂਸਿਕ ਜਾਂਚ ਲਈ ਭੇਜ ਦਿਤਾ ਗਿਆ ਹੈ। ਬੰਬ ਬਰਾਮਦ ਹੋਣ ਪਿੱਛੋਂ ਰੇਲਗੱਡੀ ਨੂੰ ਅਗਲੇ ਸਫ਼ਰ 'ਤੇ ਰਵਾਨਾ ਕਰ ਦਿਤਾ ਗਿਆ। ਦਿੱਲੀ ਪੁਲਿਸ ਨੇ ਪਹਿਲੇ ਮਾਮਲੇ ਵਿਚ ਸਈਅਦ ਮੁਹੰਮਦ ਜੀਸ਼ਾਨ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਦੂਜੇ ਮਾਮਲੇ ਵਿਚ ਪਛਮੀ ਬੰਗਾਲ ਪੁਲਿਸ ਤੋਂ ਖ਼ੁਫ਼ੀਆ ਸੂਚਨਾ ਮਿਲਣ ਮਗਰੋਂ 25 ਸਾਲ ਦੇ ਰਾਜਾ ਉਲ ਅਹਿਮਦ ਨੂੰ ਹਿਰਾਸਤ ਵਿਚ ਲਿਆ ਗਿਆ। (ਏਜੰਸੀ)