
ਦਵਿੰਦਰ ਸਿੰਘ ਕੰਗ ਦਾ ਨਾਂ ਅੱਜ ਤੋਂ ਪਹਿਲਾਂ ਨੇਜ਼ਾਬਾਜ਼ੀ ਖੇਡ ਨੂੰ ਪਸੰਦ ਕਰਨ ਵਾਲੇ ਵੀ ਨਹੀਂ ਜਾਣਦੇ ਸਨ ਪਰ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਥਾਂ ਪੱਕੀ ਕਰ...
ਲੰਦਨ, 11 ਅਗੱਸਤ : ਦਵਿੰਦਰ ਸਿੰਘ ਕੰਗ ਦਾ ਨਾਂ ਅੱਜ ਤੋਂ ਪਹਿਲਾਂ ਨੇਜ਼ਾਬਾਜ਼ੀ ਖੇਡ ਨੂੰ ਪਸੰਦ ਕਰਨ ਵਾਲੇ ਵੀ ਨਹੀਂ ਜਾਣਦੇ ਸਨ ਪਰ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਥਾਂ ਪੱਕੀ ਕਰ ਲਈ ਜਦਕਿ ਸਟਾਰ ਖਿਡਾਰੀ ਨੀਰਜ ਚੋਪੜਾ ਮੁਕਾਬਲੇ ਵਿਚੋਂ ਬਾਹਰ ਹੋ ਗਿਆ।
ਸੱਭ ਤੋਂ ਪਹਿਲਾਂ ਦਵਿੰਦਰ ਸਿੰਘ ਕੰਗ ਦੇ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ 'ਤੇ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਸੀ ਜਦੋਂ ਜੂਨ ਵਿਚ ਉਸ ਨੂੰ ਮਰੀਜੁਆਨਾ ਦਾ ਨਸ਼ਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਪਰ ਇਹ ਪਦਾਰਥ ਵਿਸ਼ਵ ਐਂਟੀ ਡੋਪਿੰਗ ਏਜੰਸੀ ਦੇ ਨਿਯਮਾਂ ਤਹਿਤ ਖ਼ੁਦ ਬ ਖ਼ੁਦ ਮੁਅੱਤਲੀ ਦੇ ਘੇਰੇ ਵਿਚ ਨਹੀਂ ਆਉਂਦਾ, ਲਿਹਾਜ਼ਾ ਉਸ ਨੂੰ ਟੀਮ ਵਿਚ ਜਗ੍ਹਾ ਮਿਲ ਗਈ। ਕੋਈ ਵੀ ਭਾਰਤੀ ਖਿਡਾਰੀ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਨੇਜਾਬਾਜ਼ੀ ਮੁਕਾਬਲੇ ਦੇ ਫ਼ਾਈਨਲ ਤਕ ਨਹੀਂ ਪਹੁੰਚ ਸਕਿਆ। ਕੰਗ ਦੀ ਕਾਰਗੁਜ਼ਾਰੀ ਨਾਲ ਭਾਰਤੀ ਕੈਂਪ ਨੇ ਰਾਹਤ ਦਾ ਸਾਹ ਲਿਆ ਕਿਉਂਕਿ ਹੁਣ ਤਕ ਵਿਸ਼ਵ ਚੈਂਪੀਅਨਸ਼ਿਪ ਵਿਚ ਨਿਰਾਸ਼ਾ ਹੀ ਪੱਲੇ ਪਈ ਹੈ। ਇਸ ਤੋਂ ਪਹਿਲਾਂ ਗਰੁੱਪ ਏ ਦੇ ਕੁਆਲੀਫ਼ਾਈ ਗੇੜ ਵਿਚ ਭਾਰਤ ਦੀ ਸੱਭ ਤੋਂ ਵੱਡੀ ਉਮੀਦ ਨੀਰਜ ਚੋਪੜਾ ਜ਼ਿਆਦਾ ਦਮਖ਼ਮ ਨਾ ਵਿਖਾ ਸਕੇ। ਨੀਰਜ ਨੇ 82.26 ਮੀਟਰ ਤਕ ਨੇਜਾ ਸੁਟਿਆ ਜਦਕਿ ਗਰੁੱਪ ਬੀ ਵਿਚ ਦਵਿੰਦਰ ਸਿੰਘ ਕੰਗ ਨੇ 84.22 ਮੀਟਰ ਤਕ ਨੇਜਾ ਸੁਟਿਆ। ਮੋਢੇ ਦੀ ਸੱਟ ਨਾਲ ਜੂਝ ਰਹੇ ਪੰਜਾਬ ਦੇ ਇਕ 26 ਸਾਲ ਦੇ ਅਥਲੀਟ ਨੇ ਤੀਜੀ ਕੋਸ਼ਿਸ਼ ਵਿਚ 83 ਮੀਟਰ ਦੀ ਦੂਰੀ ਪਾਰ ਕੀਤੀ ਜੋ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਪੁੱਜਣ ਲਈ ਘਟੋ ਘੱਟ ਫ਼ਾਸਲਾ ਸੀ। ਫ਼ਾਈਨਲ ਵਿਚ ਕੁਲ 13 ਖਿਡਾਰੀ ਪੁੱਜੇ ਹਨ ਜਿਨ੍ਹਾਂ ਦਾ ਮੁਕਾਬਲਾ ਸਨਿਚਰਵਾਰ ਨੂੰ ਹੋਵੇਗਾ। (ਪੀਟੀਆਈ)