
ਵਿਰੋਧੀ ਧਿਰ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪੰਜ ਬੈਂਕਾਂ ਦੇ ਰਲੇਵੇਂ ਪਿੱਛੋਂ ਸਟੇਟ ਬੈਂਕ ਆਫ਼ ਇੰਡੀਆ ਸਖ਼ਤ ਨਿਯਮ ਬਣਾ ਰਿਹਾ ਹੈ ਅਤੇ ਬੱਚਤ ਖਾਤੇ ਵਿਚਲੀ ਘਟੋ-ਘੱਟ ਰਕਮ..
ਨਵੀਂ ਦਿੱਲੀ, 10 ਅਗੱਸਤ : ਵਿਰੋਧੀ ਧਿਰ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪੰਜ ਬੈਂਕਾਂ ਦੇ ਰਲੇਵੇਂ ਪਿੱਛੋਂ ਸਟੇਟ ਬੈਂਕ ਆਫ਼ ਇੰਡੀਆ ਸਖ਼ਤ ਨਿਯਮ ਬਣਾ ਰਿਹਾ ਹੈ ਅਤੇ ਬੱਚਤ ਖਾਤੇ ਵਿਚਲੀ ਘਟੋ-ਘੱਟ ਰਕਮ ਦੀ ਹੱਦ 'ਚ ਵਾਧਾ ਕੀਤਾ ਗਿਆ ਹੈ ਜਦਕਿ ਨਕਦ ਪੈਸੇ ਕਢਵਾਉਣ 'ਤੇ ਫ਼ੀਸ ਲਾਗੂ ਕੀਤੀ ਗਈ ਹੈ ਜਿਸ ਨਾਲ ਗ਼ਰੀਬ ਲੋਕ ਪ੍ਰਭਾਵਤ ਹੋ ਰਹੇ ਹਨ।
ਸਟੇਟ ਬੈਂਕ ਨਾਲ ਸਬੰਧਤ ਬਿਲ-2017 'ਤੇ ਚਰਚਾ ਸ਼ੁਰੂ ਕਰਦਿਆਂ ਕਾਂਗਰਸ ਦੇ ਐਸ.ਪੀ. ਮੁਦਹਨੁਮੇਗੌੜਾ ਨੇ ਕਿਹਾ ਕਿ ਐਸ.ਬੀ.ਆਈ. ਅਤੇ ਇਸ ਦੇ ਸਹਾਇਕ ਬੈਂਕਾਂ ਦੇ ਰਲੇਵੇਂ ਲਈ ਮੁੱਖ ਕਾਰਨ ਡੁਬਿਆ ਹੋਇਆ ਕਰਜ਼ਾ ਦਸਿਆ ਜਾ ਰਿਹਾ ਹੈ। ਐਸ.ਬੀ.ਆਈ. ਦਾ ਡੁਬਿਆ ਹੋਇਆ ਕਰਜ਼ਾ ਦਸੰਬਰ 2016 ਤਕ 1.8 ਲੱਖ ਕਰੋੜ ਰੁਪਏ ਸੀ ਪਰ ਰਲੇਵੇਂ ਦਾ ਅਸਲ ਕਾਰਨ ਕੀ ਹੈ? ਉਨ੍ਹਾਂ ਕਿਹਾ ਕਿਰ ਰਲੇਵੇਂ ਮਗਰੋਂ ਐਸ.ਬੀ.ਆਈ. ਸਖ਼ਤ ਨਿਯਮ ਬਣਾ ਰਿਹਾ ਹੈ ਅਤੇ ਲਗਭਗ 31 ਕਰੋੜ ਲੋਕ ਪ੍ਰਭਾਵਤ ਹੋਏ ਹਨ। ਬੱਚਤ ਖਾਤਿਆਂ ਵਿਚ ਘਟੋ-ਘੱਟ ਇਕ ਹਜ਼ਾਰ ਰੁ. ਦੀ ਰਕਮ ਰਖਣੀ ਲਾਜ਼ਮੀ ਕਰ ਦਿਤੀ ਗਈ ਹੈ ਜਿਸ ਤੋਂ ਰਾਹਤ ਮਿਲਣੀ ਚਾਹੀਦੀ ਹੈ। ਭਾਜਪਾ ਦੇ ਸ਼ਿਵ ਕੁਮਾਰ ਨੇ ਬਿਲ ਦਾ ਸਮਰਥਨ ਕਰਦਿਆਂ ਕਿਹਾ ਕਿ ਸਹਾਇਕ ਬੈਂਕਾਂ ਦਾ ਮੁੱਖ ਬੈਂਕ ਵਿਚ ਰਲੇਵਾਂ ਇਕ ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ 'ਤੇ ਕੀਤਾ ਗਿਆ ਹੈ। (ਏਜੰਸੀ)