
ਹਲਫ਼ਨਾਮੇ 'ਚ ਮੋਦੀ ਨੇ ਆਪਣੀ ਕੁਲ ਜਾਇਦਾਦ 2.51 ਕਰੋੜ ਰੁਪਏ ਦੱਸੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਤੋਂ ਲਗਾਤਾਰ ਦੂਜੀ ਵਾਰ ਨਾਮਜ਼ਦਗੀ ਕਾਗ਼ਜ਼ ਭਰੇ। ਇਸ ਦੌਰਾਨ ਦਿੱਤੇ ਗਏ ਹਲਫ਼ਨਾਮੇ 'ਚ ਮੋਦੀ ਨੇ ਆਪਣੀ ਆਮਦਨ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ। ਹਲਫ਼ਨਾਮੇ ਮੁਤਾਬਕ ਪਿਛਲੇ 5 ਸਾਲਾਂ 'ਚ ਮੋਦੀ ਦਾ ਆਮਦਨ 'ਚ ਦੁਗਣੇ ਤੋਂ ਥੋੜਾ ਵੱਧ ਵਾਧਾ ਹੋਇਆ ਹੈ। ਹਲਫ਼ਨਾਮੇ ਮੁਤਾਬਕ ਮੋਦੀ ਦੀ ਕੁਲ ਜਾਇਦਾਦ 2.51 ਕਰੋੜ ਰੁਪਏ ਦੱਸੀ ਗਈ ਹੈ। ਇਸ 'ਚ 1.41 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ ਅਤੇ 1.10 ਕਰੋੜ ਦੀ ਅਚੱਲ ਜਾਇਦਾਦ ਹੈ। ਸਾਲ 2014 'ਚ ਦਿੱਤੇ ਹਲਫ਼ਨਾਮੇ ਮੁਤਾਬਕ ਮੋਦੀ ਦੀ ਕੁਲ ਚੱਲ-ਅਚੱਲ ਜਾਇਦਾਦ 1.65 ਕਰੋੜ ਰੁਪਏ ਸੀ।
PM Narendra Modi assets see 50% rise in 5 years
ਮੋਦੀ ਦੇ ਬੈਂਕ ਅਕਾਊਂਟ 'ਚ ਸਿਰਫ਼ 4143 ਰੁਪਏ ਹਨ। ਮੋਦੀ ਕੋਲ 38,750 ਰੁਪਏ ਨਕਦ ਹਨ, ਜਦਕਿ ਸਟੇਟ ਬੈਂਕ ਆਫ਼ ਇੰਡੀਆ 'ਚ ਉਨ੍ਹਾਂ ਦੇ ਨਾਂ 'ਤੇ 1.27 ਕਰੋੜ ਰੁਪਏ ਫਿਕਸਡ ਡਿਪੋਜਿਟ ਹਨ। ਮੋਦੀ ਦੀਆਂ ਦੋ ਪਾਲਸੀਆਂ ਵੀ ਹਨ, ਜਿਨ੍ਹਾਂ ਦੀ ਕੀਮਤ 1.90 ਕਰੋੜ ਰੁਪਏ ਹੈ। ਮੋਦੀ ਨੇ 2014 'ਚ ਗਾਂਧੀਨਗਰ ਸਥਿਤ ਘਰ ਦੀ ਕੀਮਤ 1 ਕਰੋੜ ਰੁਪਏ ਦੱਸੀ ਸੀ। ਇਸ ਵਾਰ ਹਲਫ਼ਨਾਮੇ 'ਚ ਇਸ ਮਕਾਨ ਦੀ ਕੀਮਤ 1.10 ਕਰੋੜ ਰੁਪਏ ਹੋ ਗਈ ਹੈ। 4 ਸੋਨੇ ਦੀਆਂ ਅੰਗੂਠੀਆਂ ਦੀ ਕੀਮਤ 1,13,800 ਰੁਪਏ ਦੱਸੀ ਹੈ। ਮੋਦੀ ਦੇ ਇਕ ਕੰਪਨੀ 'ਚ 20 ਹਜ਼ਾਰ ਰੁਪਏ ਦੇ ਸ਼ੇਅਰ ਹਨ।
Narendra Modi
ਮੋਦੀ ਨੇ ਆਪਣੇ ਹਲਫ਼ਨਾਮੇ 'ਚ ਪਤਨੀ ਦਾ ਨਾਂ ਜਸੋਦਾਬੇਨ ਦੱਸਿਆ ਹੈ। ਉਨ੍ਹਾਂ ਨੇ ਪਤਨੀ ਜਸੋਦਾਬੇਨ ਦੀ ਜਾਇਦਾਦ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਹਲਫ਼ਨਾਮੇ ਮੁਤਾਬਕ ਮੋਦੀ ਕੋਲ ਕੋਈ ਗੱਡੀ ਵੀ ਨਹੀਂ ਹੈ। ਮੋਦੀ 'ਤੇ ਕੋਈ ਅਪਰਾਧਕ ਮਾਮਲਾ ਵੀ ਦਰਜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਕਿਸੇ ਮਾਮਲੇ 'ਚ ਕੋਈ ਸਜ਼ਾ ਮਿਲੀ ਹੈ। ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1978 'ਚ ਦਿੱਲੀ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਇਸ ਤੋਂ ਬਾਅਦ 1983 'ਚ ਗੁਜਰਾਤ ਯੂਨੀਵਰਸਿਟੀ ਤੋਂ ਐਮ.ਏ. ਕੀਤਾ।