
ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨੇਤਾਵਾਂ ਦੇ ਭਾਸ਼ਣ ਲਗਾਤਾਰ ਸੁਰਖੀਆਂ ਬਣ ਰਹੇ ਹਨ। ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਤਪਾਲ ਸੱਤੀ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸੱਤੀ ਨੇ ਇਕ ਰੈਲੀ 'ਚ ਕਿਹਾ ਸੀ ਕਿ ਜਿਹੜਾ ਵਿਅਕਤੀ ਪ੍ਰਧਾਨ ਮੰਤਰੀ ਦਾ ਵਿਰੋਧ ਕਰੇਗਾ, ਉਸ ਦਾ ਹੱਥ ਵੱਢ ਦਿਆਂਗੇ। ਇਸ ਬਿਆਨ 'ਚ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ।
Satpal Satti
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੱਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਇਤਰਾਜਯੋਗ ਟਿਪਣੀ ਕੀਤੀ ਸੀ, ਜਿਸ ਕਾਰਨ ਉਨ੍ਹਾਂ 'ਤੇ 48 ਘੰਟੇ ਦੀ ਪਾਬੰਦੀ ਲਗਾਈ ਗਈ ਸੀ। ਤਾਜ਼ਾ ਵਿਵਾਦਤ ਭਾਸ਼ਣ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਤਾ ਗਿਆ ਹੈ। ਸੱਤੀ ਨੇ ਕਿਹਾ, "ਜਿਹੜਾ ਵਿਅਕਤੀ ਸਾਡੇ ਪਿਓ ਨੂੰ ਚੋਰ ਕਹੇਗਾ, ਅਸੀ ਵੀ ਉਸ ਨੂੰ ਚੋਰ ਕਹਾਂਗੇ। ਹਾਲੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਨਹੀਂ ਤਾਂ ਹੁਣੇ ਸਾਰਾ ਹਿਸਾਬ-ਕਿਤਾਬ ਕਰ ਦਿੰਦੇ। ਜੋ ਸਾਡੇ ਮੋਦੀ ਜੀ 'ਤੇ ਉਂਗਲ ਚੁੱਕੇਗਾ, ਅਸੀ ਉਸ ਦਾ ਹੱਥ ਵੱਢ ਕੇ ਦੂਜੇ ਹੱਥ 'ਤੇ ਰੱਖ ਦਿਆਂਗੇ।"
Satpal Satti
ਇਸੇ ਵਿਵਾਦਤ ਟਿਪਣੀ 'ਤੇ ਚੋਣ ਕਮਿਸ਼ਨ ਨੇ ਸੱਤੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 13 ਅਪ੍ਰੈਲ ਨੂੰ ਇਕ ਰੈਲੀ 'ਚ ਸੱਤੀ ਨੇ ਰਾਹੁਲ ਗਾਂਧੀ 'ਤੇ ਇਤਰਾਜ਼ਯੋਗ ਟਿਪਣੀ ਕੀਤੀ ਸੀ ਅਤੇ ਮਾਂ ਦੀ ਗਾਲ ਵੀ ਕੱਢੀ ਸੀ। ਜਿਸ ਤੋਂ ਬਾਅਤ ਕਾਫ਼ੀ ਹੰਗਾਮਾ ਹੋਇਆ ਸੀ ਅਤੇ ਚੋਣ ਕਮਿਸ਼ਨ ਨੇ ਉਨ੍ਹਾਂ 'ਤੇ 48 ਘੰਟੇ ਦੀ ਪਾਬੰਦੀ ਲਗਾਈ ਸੀ।