
ਇਕ ਹੀ ਬਟਾਲੀਅਨ ਵਿਚ ਹੁਣ ਤੱਕ 24 ਜਵਾਨ ਸੰਕਰਮਿਤ
ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਦਿੱਲੀ ਸਥਿਤ ਬਟਾਲੀਅਨ ਵਿਚ ਤੈਨਾਤ 15 ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ 25 ਅਪ੍ਰੈਲ ਨੂੰ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਜਵਾਨ ਸੀਆਰਪੀਐਫ ਦੀ 31ਵੀਂ ਬਟਾਲੀਅਨ ਦੇ ਹਨ, ਜਿਸ ਦੇ 9 ਜਵਾਨ ਵੀਰਵਾਰ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ।
Photo
ਇਹਨਾਂ ਤਾਜ਼ਾ ਮਾਮਲਿਆਂ ਦੇ ਨਾਲ ਇਸ ਯੂਨਿਟ ਵਿਚ ਸੰਕਰਮਿਤ ਜਵਾਨਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਅਧਿਕਾਰੀ ਨੇ ਕਿਹਾ ਕਿ ਮਰੀਜਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਯੂਨਿਟ ਦੇ ਕਰੀਬ 12 ਹੋਰ ਜਵਾਨਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਉਹਨਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।
Photo
ਅਧਿਕਾਰੀ ਨੇ ਕਿਹਾ ਕਿ ਯੂਨਿਟ ਦੇ ਕਰਮੀਆਂ ਦੀ ਜਾਂਚ ਉਸ ਸਮੇਂ ਕਰਵਾਈ ਗਈ ਜਦੋਂ ਪਿਛਲੇ ਹਫਤੇ ਬਟਾਲੀਅਨ ਜਾਣ ਵਾਲੇ ਹੈੱਡ ਕਾਂਸਟੇਬਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਹੈੱਡ ਕਾਂਸਟੇਬਲ ਨਰਸਿੰਗ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਤੈਨਾਤ 162ਵੀਂ ਬਟਾਲੀਅਨ ਦਾ ਹਿੱਸਾ ਹੈ।
Photo
ਉਹ ਛੁੱਟੀ 'ਤੇ ਨੋਇਡਾ ਆਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਵਿਦੇਸ਼ੀ ਨਾਗਰਿਕਾਂ ਸਮੇਤ ਕੋਰੋਨਾ ਪੀੜਤਾਂ ਦੀ ਗਿਣਤੀ ਐਤਵਾਰ ਨੂੰ ਵਧ ਕੇ 26,917 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ 826 ਮੌਤਾਂ ਹੋਈਆਂ ਹਨ ਅਤੇ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 20,177 ਹਨ।
File Photo