
ਓਲਿਵ ਰਿਡਲੇ ਕੱਛੂ ਹਰ ਸਾਲ ਅੰਡੇ ਦੇਣ ਲਈ ਓਡੀਸ਼ਾ ਦੇ ਤੱਟ ’ਤੇ ਆਉਂਦੇ ਹਨ
ਕੇਂਦਰਪਾੜਾ (ਓਡੀਸ਼ਾ): ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਦੇ ਗਹਿਰਮਾਥਾ ਤੱਟ ’ਤੇ ਓਲਿਵ ਰਿਡਲੇ ਸਮੁੰਦਰੀ ਕੱਛੂਆਂ ਦੇ ਲੱਖਾਂ ਬੱਚੇ ਅੰਡੇ ਦੇ ਛਿਲਕਿਆਂ ਤੋਂ ਬਾਹਰ ਆ ਕੇ ਸਮੁੰਦਰ ਵਲ ਵਧਦੇ ਦਿਸੇ।ਓਲਿਵ ਰਿਡਲੇ ਕੱਛੂ ਹਰ ਸਾਲ ਅੰਡੇ ਦੇਣ ਲਈ ਓਡੀਸ਼ਾ ਦੇ ਤੱਟ ’ਤੇ ਆਉਂਦੇ ਹਨ।
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੂਰਾ ਨਾਸੀ-2 ਟਾਪੂ ਕੱਛੂਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭੀਤਰਕਣਿਕਾ ਨੈਸ਼ਨਲ ਪਾਰਕ ਦੇ ਜੰਗਲੀ ਜੀਵ ਅਧਿਕਾਰੀ ਉੱਥੇ ਮੌਜੂਦ ਹਨ ਅਤੇ ਇਸ ਵਿਲੱਖਣ ਕੁਦਰਤੀ ਵਰਤਾਰੇ ਦੇ ਗਵਾਹ ਹਨ।
ਓਡੀਸ਼ਾ ਦੇ ਪ੍ਰਧਾਨ ਚੀਫ ਕੰਜ਼ਰਵੇਟਰ ਆਫ ਫਾਰੈਸਟ (ਪੀ.ਸੀ.ਸੀ.ਐਫ.) ਸੁਸ਼ਾਂਤ ਨੰਦਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕੱਛੂਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਓਡੀਸ਼ਾ ਦੇ ਤੱਟ ’ਤੇ ਗਹਿਰਮਾਥਾ ਮੁਹਿੰਮ ’ਚ ਵੱਡੀ ਗਿਣਤੀ ’ਚ ਓਲਿਵ ਰਿਡਲੇ ਦੇ ਬੱਚੇ ਸਮੁੰਦਰ ਵਲ ਜਾ ਰਹੇ ਹਨ।’’
ਸਮੁੰਦਰੀ ਕੱਛੂ ਓਲਿਵ ਰਿਡਲੇ ਹਰ ਸਾਲ ਕੇਂਦਰਪਾੜਾ ਜ਼ਿਲ੍ਹੇ ਦੇ ਗਹਿਰਮਾਥਾ ਬੀਚ ’ਤੇ ਅੰਡੇ ਦੇਣ ਲਈ ਜਾਂਦਾ ਹੈ ਅਤੇ ਇਸ ਸਾਲ 3 ਅਪ੍ਰੈਲ ਤੋਂ ਲੈ ਕੇ ਹੁਣ ਤਕ ਤਿੰਨ ਲੱਖ ਤੋਂ ਵੱਧ ਮਾਦਾ ਕੱਛੂ ਅੰਡੇ ਦੇਣ ਲਈ ਸਮੁੰਦਰੀ ਕੰਢੇ ’ਤੇ ਆ ਚੁਕੇ ਹਨ।
ਅੰਡਿਆਂ ਤੋਂ ਕੱਛੂਆਂ ਦੇ ਬੱਚੇ ਦੇ ਪੈਦਾ ਹੋਣ ਦੀ ਪ੍ਰਕਿਰਿਆ ’ਚ ਘੱਟੋ ਘੱਟ ਸੱਤ ਤੋਂ 10 ਦਿਨ ਲਗਦੇ ਹਨ। ਜੰਗਲਾਤ ਅਧਿਕਾਰੀ ਨੇ ਦਸਿਆ ਕਿ ਇਹ ਕੱਛੂ ਅੰਡੇ ਤੋਂ ਬਾਹਰ ਨਿਕਲ ਕੇ ਸਮੁੰਦਰ ’ਚ ਜਾਣ ਤੋਂ ਪਹਿਲਾਂ ਕਰੀਬ ਇਕ ਘੰਟੇ ਤਕ ਰੇਤਲੇ ਕੰਢੇ ’ਤੇ ਘੁੰਮਦੇ ਰਹੇ। ਇਹ ਨਾਜ਼ੁਕ ਬੱਚੇ ਫੁਸਫੁਸਾਹਟ ਦੀਆਂ ਆਵਾਜ਼ਾਂ ਪੈਦਾ ਕਰਦੇ ਹੋਏ ਇਕ ਸੁਖਦਾਇਕ ਰੌਲਾ ਪੈਦਾ ਕਰ ਰਹੇ ਸਨ। ਬਾਅਦ ’ਚ ਉਹ ਸਮੁੰਦਰ ਵਲ ਚਲੇ ਗਏ।
ਕੁਦਰਤੀ ਪ੍ਰਕਿਰਿਆ ਦੇ ਤਹਿਤ, ਅੰਡਿਆਂ ਨੂੰ ਸੇਣ (ਅੰਡੇ ’ਤੇ ਉਦੋਂ ਤਕ ਬੈਠੇ ਰਹਿਣਾ ਜਦੋਂ ਤਕ ਉਸ ’ਚੋਂ ਬੱਚੇ ਨਹੀਂ ਨਿਕਲਦੇ) ਮਗਰੋਂ 45 ਤੋਂ 55 ਦਿਨਾਂ ਬਾਅਦ ਬੱਚੇ ਬਾਹਰ ਆਉਂਦੇ ਹਨ। ਅੰਡੇ ’ਚੋਂ ਬੱਚੇ ਨਿਕਲਣ ਦੀ ਪ੍ਰਕਿਰਿਆ ਅਪਣੇ ਆਪ ’ਚ ਵਿਲੱਖਣ ਹੈ ਕਿਉਂਕਿ ਬੱਚੇ ਮਾਂ ਤੋਂ ਬਗ਼ੈਰ ਵਿਕਸਤ ਹੁੰਦੇ ਹਨ।