
ਚਾਰਜਿੰਗ ਦੌਰਾਨ ਸਕੂਟੀ ਨੂੰ ਲੱਗੀ ਅੱਗ, ਫਿਰ ਪੂਰੀ ਬਿਲਡਿੰਗ ਨੂੰ ਲਪੇਟ 'ਚ ਲਿਆ
Delhi Krishna Nagar Fire : ਦਿੱਲੀ ਦੇ ਕ੍ਰਿਸ਼ਨਾ ਨਗਰ 'ਚ ਇਕ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ 'ਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ, ਜਦਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ 12 ਲੋਕਾਂ ਨੂੰ ਬਚਾਇਆ। ਫਿਲਹਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਇਲੈਕਟ੍ਰਿਕ ਦੋਪਹੀਆ ਵਾਹਨ ਮਾਲਕ ਆਪਣੇ ਵਾਹਨ ਨੂੰ ਚਾਰਜਿੰਗ 'ਤੇ ਲਗਾ ਕੇ ਚਲਾ ਗਿਆ ਸੀ। ਪਹਿਲਾਂ ਉਸ 'ਚ ਅੱਗ ਲੱਗ ਗਈ ਅਤੇ ਫਿਰ ਬਿਜਲੀ ਦੇ ਮੀਟਰ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਨੇ ਪੂਰੀ ਬਿਲਡਿੰਗ ਨੂੰ ਆਪਣੀ ਚਪੇਟ 'ਚ ਲੈ ਲਿਆ।
ਜਾਣਕਾਰੀ ਅਨੁਸਾਰ ਕ੍ਰਿਸ਼ਨਾ ਨਗਰ ਦੀ ਜਿਸ ਚਾਰ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗੀ ਹੈ, ਉਸ ਦੇ ਬੇਸਮੈਂਟ ਵਿੱਚ 11 ਬਾਈਕਾਂ ਖੜ੍ਹੀਆਂ ਸੀ ਅਤੇ ਅੱਗ ਬਾਈਕਾਂ ਨੂੰ ਹੀ ਲੱਗੀ ਸੀ, ਜੋ ਪਹਿਲੀ ਮੰਜ਼ਿਲ ਤੱਕ ਪਹੁੰਚ ਗਈ ਅਤੇ ਫਿਰ ਉਪਰਲੀ ਮੰਜ਼ਿਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਤਿੰਨ ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ।
ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਹਿਲੀ ਮੰਜ਼ਿਲ 'ਤੇ ਇਕ ਸੜੀ ਹੋਈ ਲਾਸ਼ ਮਿਲੀ ਅਤੇ ਉਪਰਲੀ ਮੰਜ਼ਿਲ ਤੋਂ 12 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਇੱਕ ਵਿਅਕਤੀ ਨੂੰ ਮੈਕਸ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਪੁਲਿਸ ਰਿਕਾਰਡ ਅਨੁਸਾਰ ਇਸ ਘਟਨਾ ਵਿੱਚ ਪਰਮਿਲਾ ਸ਼ਾਦ (66) ਦੀ ਸੜੀ ਹੋਈ ਲਾਸ਼ ਪਹਿਲੀ ਮੰਜ਼ਿਲ ਤੋਂ ਬਰਾਮਦ ਹੋਈ। ਜਦੋਂ ਕਿ ਕੇਸ਼ਵ ਸ਼ਰਮਾ (18) ਅਤੇ ਅੰਜੂ ਸ਼ਰਮਾ (34) ਨੂੰ ਜੀਟੀਬੀ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਦੇਵੇਂਦਰ (41) ਨੂੰ ਗੰਭੀਰ ਹਾਲਤ ਵਿਚ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਅੱਗ ਦੀ ਘਟਨਾ ਵਿੱਚ ਰੁਚਿਕਾ (38), ਸੋਨਮ ਸ਼ਾਦ (38) ਨੂੰ ਹੇਡਗੇਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਕਿ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ।