
ਫਿਲਹਾਲ ਪੁਲਿਸ ਡਾ. ਨਵੀਨ ਤੋਂ ਪੁੱਛਗਿੱਛ ਕਰਨ 'ਚ ਜੁਟੀ ਹੋਈ ਹੈ
Delhi Vivek Vihar Baby Care Center Fire : ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬੇਬੀ ਕੇਅਰ ਸੈਂਟਰ ਵਿੱਚ ਅੱਗ ਲੱਗਣ ਕਾਰਨ 7 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ,ਜਦਕਿ ਬਾਕੀ 5 ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਬੇਬੀ ਕੇਅਰ ਸੈਂਟਰ ਦੇ ਮਾਲਕ ਡਾ. ਨਵੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਨਵੀਨ ਹੋਰ ਵੀ ਕਈ ਬੇਬੀ ਕੇਅਰ ਸੈਂਟਰਾਂ ਦਾ ਮਾਲਕ ਹੈ। ਫਿਲਹਾਲ ਪੁਲਿਸ ਡਾ. ਨਵੀਨ ਤੋਂ ਪੁੱਛਗਿੱਛ ਕਰਨ 'ਚ ਜੁਟੀ ਹੋਈ ਹੈ।ਇਸ ਤੋਂ ਪਹਿਲਾਂ ਪੁਲਿਸ ਮਾਲਕ ਨਵੀਨ ਦੀ ਭਾਲ ਵਿੱਚ ਲੱਗੀ ਹੋਈ ਸੀ। ਪੁਲਿਸ ਨੇ ਹੁਣ ਤੱਕ ਆਈਪੀਸੀ ਦੀ ਧਾਰਾ 336, 304ਏ ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਂਚ 'ਚ ਸਾਹਮਣੇ ਆਇਆ ਕਿ ਜਿਸ ਇਮਾਰਤ 'ਚ ਬੇਬੀ ਕੇਅਰ ਸੈਂਟਰ ਚੱਲ ਰਿਹਾ ਸੀ, ਉਸ ਦੇ ਅੰਡਰਗਰਾਊਂਡ 'ਚ ਗੈਸ ਸਿਲੰਡਰ ਰੀਫਿਲ ਕਰਨ ਦਾ ਕੰਮ ਵੀ ਚੱਲ ਰਿਹਾ ਸੀ। ਜਿਸ ਵਿਚ ਧਮਾਕੇ ਤੋਂ ਬਾਅਦ ਅੱਗ ਭੜਕ ਗਈ ਹੋਵੇਗੀ।ਹਾਦਸੇ ਤੋਂ ਬਾਅਦ ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਸ਼ਾਇਦ ਕਿਸੇ ਨੇ ਸਿਗਰੇਟ ਜਾਂ ਬੀੜੀ ਪੀਤੀ ਹੋਵੇਗੀ ,ਜਿਸ ਕਾਰਨ ਅੱਗ ਪਕੜ ਗਈ ਅਤੇ ਇਹ ਭਿਆਨਕ ਹਾਦਸਾ ਵਾਪਰਿਆ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੇਬੀ ਕੇਅਰ ਸੈਂਟਰ ਦੇ ਨੇੜੇ ਤੋਂ ਲੰਘ ਰਹੀ ਕਾਰ ਦੇ ਏਅਰਬੈਗ ਵੀ ਖੁੱਲ ਗਏ। ਨੇੜਲੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਹਤ ਮੰਤਰੀ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ।