
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਡਾਕਟਰਾਂ ਦੀ ਉਪਲੱਬਧਤਾ ਲਈ ਪ੍ਰਸਾਸ਼ਨਿਕ ਅਹੁਦਿਆਂ 'ਤੇ ....
ਚੰਡੀਗੜ੍ਹ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਡਾਕਟਰਾਂ ਦੀ ਉਪਲੱਬਧਤਾ ਲਈ ਪ੍ਰਸਾਸ਼ਨਿਕ ਅਹੁਦਿਆਂ 'ਤੇ ਤੈਨਾਤ ਹਰਿਆਣਾ ਸਿਵਲ ਮੈਡੀਕਲ ਸੇਵਾ, ਹਰਿਆਣਾ ਦੰਦ ਸੇਵਾ ਅਤੇ ਜਿਲਾ ਆਯੂਰਵੈਦਿਕ ਡਾਕਟਰਾਂ ਨੂੰ ਹੁਣ ਸਰਕਾਰੀ ਹਸਪਤਾਲਾਂ ਵਿਚ ਵਾਧੂ ਕਲੀਨਿਕ ਡਿਊਟੀ ਦੇਣੀ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਿਰਫ਼ ਪ੍ਰਸਾਸ਼ਨਿਕ ਕੰਮ ਕਰ ਰਹੇ ਡਾਕਟਰਾਂ ਵੱਲੋਂ ਓ.ਪੀ.ਡੀ. ਕਰਨ ਨਾਲ ਨਾ ਸਿਰਫ਼ ਡਾਕਟਰਾਂ ਦੀ ਕਮੀ ਦੂਰ ਕੀਤੀ ਜਾ ਸਕੇਗੀ ਸਗੋਂ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜਾਂ ਨੂੰ ਵੀ ਇੰਤਜਾਰ ਨਹੀਂ ਕਰਨਾ ਪਏਗਾ।
ਉਨ੍ਹਾਂ ਨੇ ਕਿਹਾ ਕਿ ਰਾਜ ਦੇ ਹੋਰ ਵਿਭਾਗਾਂ ਵਿਚ ਕੰਮ ਕਰ ਰਹੇ ਜਾਂ ਪ੍ਰਤੀਨਿਯੁਕਤੀ 'ਤੇ ਗਏ ਡਾਕਟਰਾਂ 'ਤੇ ਇਹ ਆਦੇਸ਼ ਲਾਗੂ ਨਹੀਂ ਹੋਣਗੇ। ਜੇ ਬਿਨਾਂ ਕਿਸੇ ਕਾਰਨ ਤੋਂ ਕੋਈ ਡਾਕਟਰ ਇਹ ਡਿਊਟੀ ਕਰਨ ਵਿਚ ਨਾਕਾਮ ਰਹਿੰਦਾ ਹੈ ਤਾਂ ਉਸ ਨੂੰ ਅਗਲੇ ਹਫ਼ਤੇ ਵੱਧ ਕੰਮ ਦਿਤਾ ਜਾਵੇਗਾ। ਸ੍ਰੀ ਵਿਜ ਨੇ ਦਸਿਆ ਕਿ ਇਸ ਦੇ ਤਹਿਤ ਸਿਹਤ ਡਾਇਰੈਕਟਰ ਜਨਰਲ ਅਤੇ ਵਧੀਕ ਸਿਹਤ ਡਾਇਰੇਕਟਰੇਟ ਜਨਰਲ ਨੂੰ ਹਫ਼ਤੇ ਦੇ ਕਿਸੇ ਵੀ ਦਿਨ 2 ਘੰਟੇ ਅਤੇ ਰਾਜ ਦੇ ਸਾਰੇ ਸਿਵਲ ਸਰਜਨ ਅਤੇ ਸਮਾਨ ਅਧਿਕਾਰੀ ਨੂੰ ਹਫ਼ਤੇ ਵਿਚ ਇਕ ਦਿਨ ਮੈਡੀਕਲ ਕੰਮ ਕਰਨਾ ਹੋਵੇਗਾ।
ਇਸ ਤਰ੍ਹਾਂ, ਪ੍ਰਧਾਨ ਮੈਡੀਕਲ ਅਧਿਕਾਰੀ, ਮੈਡੀਕਲ ਸੁਪਰਡੈਂਟ, ਡਿਪਟੀ ਸਿਵਲ ਸਰਜਨ, ਸੀਨੀਅਰ ਮੈਡੀਕਲ ਅਧਿਕਾਰੀ ਅਤੇ ਸਮਾਨ ਅਧਿਕਾਰੀਆਂ ਨੂੰ ਵੀ ਹਫ਼ਤੇ ਵਿਚ ਦੋ ਦਿਨ ਮੈਡੀਕਲ ਡਿਊਟੀ ਕਰਨੀ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਿਹਤ ਡਾਇਰੈਕਟੋਰੇਟ, ਕੌਮੀ ਸਿਹਤ ਮਿਸ਼ਨ, ਐਚ.ਐਮ.ਐਸ.ਸੀ.ਐਲ., ਐਚ.ਐਮ.ਐਚ.ਆਰ.ਸੀ., ਏਡਸ ਕੰਟਰੋਲ ਸੋਸਾਇਟੀ ਅਤੇ ਐਸ.ਆਈ.ਐਚ.ਐਫ਼.ਡਬਲਯੂ ਵਿਚ ਤੈਨਾਤ ਡਿਪਟੀ ਡਾਇਰੈਕਟਰ (ਸੀਨੀਅਰ ਸਕੇਲ), ਡਿਪਟੀ ਡਾਇਰੈਕਟਰ, ਸੀਨੀਅਰ ਮੈਡੀਕਲ ਅਧਿਕਾਰੀ ਅਤੇ ਦੰਦ ਡਾਕਟਰਾਂ ਨੂੰ ਹਫ਼ਤੇ ਵਿਚ ਦੋ ਦਿਨ ਕਲੀਨੀਕਲ ਡਿਊਟੀ ਕਰਨੀ ਹੋਵੇਗੀ।
ਇਸ ਤਰ੍ਹਾਂ ਆਯੂਸ਼ ਵਿਭਾਗ ਦੇ ਜਿਲ੍ਹਾ ਅਯੂਰਵੈਦਿਕ ਅਧਿਕਾਰੀਆਂ ਨੂੰ ਵੀ ਹਫ਼ਤੇ ਵਿਚ 2 ਦਿਨ ਮੈਡੀਕਲ ਕੰਮ ਕਰਨਾ ਹੋਵੇਗਾ। ਸ੍ਰੀ ਵਿਜ ਨੇ ਦਸਿਆ ਕਿ ਪ੍ਰਸਾਸ਼ਨਿਕ ਅਹੁਦਿਆਂ 'ਤੇ ਤੈਨਾਤ ਡਾਕਟਰਾਂ ਨੂੰ ਮੈਡੀਕਲ ਕੰਮਾਂ ਦੇ ਲਈ ਆਪਣਾ ਹਸਪਤਾਲ ਚੋਣ ਕਰਨ ਦੀ ਛੋਟ ਹੋਵੇਗੀ। ਇਸ ਦੇ ਲਈ ਸਿਹਤ ਡਾਇਰੈਕਟਰ ਜਨਰਲ ਵੱਲੋਂ ਮੈਡੀਕਲ ਡਿਊਟੀ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ
ਅਤੇ ਕਲੀਨੀਕਲ ਡਿਊਟੀ ਨਾ ਕਰਨ ਵਾਲੇ ਡਾਕਟਰਾਂ ਦੇ ਖਿਲਾਫ਼ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਡਾਕਟਰਾਂ ਨੂੰ ਵੱਖ ਤੋਂ ਕੋਈ ਮਾਣਭੱਤਾ ਨਹੀਂ ਦਿੱਤਾ ਜਾਵੇਗਾ ਪਰ ਹੋਰ ਥਾਂ 'ਤੇ ਡਿਊਟੀ ਦੇ ਲਈ ਟੀ.ਏ./ਡੀ.ਏ. ਦੇ ਹੱਕਦਾਰ ਹੋਣਗੇ। ਇਸ ਸਬੰਧ ਵਿਚ ਨਿਰੀਖਣ ਰਿਪੋਰਟ ਹਰੇਕ ਹਫ਼ਤੇ ਦਰਜ ਕੀਤੀ ਜਾਵੇਗੀ।