
ਹਾਈ ਕੋਰਟ ਨੇ ਕਿਹਾ ਕਿ ਪ੍ਰੇਮੀ ਜੋੜਿਆਂ ਨਾਲ ਸਬੰਧਤ ਅਗਵਾ ਦੇ ਮਾਮਲਿਆਂ ਨੂੰ ਰੱਦ ਕਰਨ ਲਈ ਪਟੀਸ਼ਨਾਂ 'ਤੇ ਅਦਾਲਤਾਂ ਨੂੰ ਲਚਕਤਾ ਦਿਖਾਉਣੀ ਚਾਹੀਦੀ ਹੈ।
Court News: ਕੁੜੀਆਂ ਨੂੰ ਵਰਗਲਾ ਕੇ ਭਜਾਉਣ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ਮਾਮਲਿਆਂ 'ਚ ਮੁਲਜ਼ਮ ਅਤੇ ਪੀੜਤਾ ਆਪਸ 'ਚ ਰਿਸ਼ਤੇ ਵਿਚ ਹਨ ਅਤੇ ਜਦੋਂ ਮਾਤਾ-ਪਿਤਾ ਇਸ ਨੂੰ ਸਵੀਕਾਰ ਨਹੀਂ ਕਰ ਪਾਉਂਦੇ ਹਨ ਤਾਂ ਉਹ ਮਾਮਲਾ ਦਰਜ ਕਰਵਾ ਦਿੰਦੇ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਨੇ 15 ਸਾਲਾਂ ਬਾਅਦ ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਐਫਆਈਆਰ ਨੂੰ ਰੱਦ ਕਰਦੇ ਹੋਏ ਕਿਹਾ ਕਿ ਮਾਪਿਆਂ ਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਜੀਵਨ ਸਾਥੀ ਦੀ ਅਪਣੀ ਵਿਅਕਤੀਗਤ ਚੋਣ ਕਰ ਸਕਦੇ ਹਨ।
ਪਟੀਸ਼ਨ ਦਾਇਰ ਕਰਦੇ ਹੋਏ ਲੁਧਿਆਣਾ ਵਾਸੀ ਨੇ ਦਸਿਆ ਕਿ ਉਸ ਦਾ ਅਪਣੀ ਪ੍ਰੇਮਿਕਾ ਨਾਲ 2009 'ਚ ਪ੍ਰੇਮ ਵਿਆਹ ਹੋਇਆ ਸੀ। ਪ੍ਰੇਮਿਕਾ ਦੇ ਪਰਿਵਾਰ ਵਾਲੇ ਪ੍ਰੇਮ ਵਿਆਹ ਤੋਂ ਨਾਖੁਸ਼ ਸਨ ਅਤੇ ਇਸ ਕਾਰਨ ਉਨ੍ਹਾਂ ਨੇ ਪਟੀਸ਼ਨਕਰਤਾ ਦੇ ਵਿਰੁਧ ਅਪਣੀ ਪ੍ਰੇਮਿਕਾ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਸੱਤ ਸਾਲ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਜ਼ਮਾਨਤ ਵੀ ਮਿਲ ਗਈ। ਪਟੀਸ਼ਨਰ ਨੇ ਹਾਈ ਕੋਰਟ ਤੋਂ ਉਸ ਵਿਰੁਧ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾ ਅਤੇ ਉਸ ਦੀ ਪ੍ਰੇਮਿਕਾ ਇਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ 2010 ਤੋਂ ਪਤੀ-ਪਤਨੀ ਦੇ ਰੂਪ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।
ਹਾਈ ਕੋਰਟ ਨੇ ਕਿਹਾ ਕਿ ਲੜਕੀ ਦੇ ਸਰਪ੍ਰਸਤ ਦੇ ਕਹਿਣ 'ਤੇ ਦਰਜ ਐਫਆਈਆਰ ਨੂੰ ਉਦੋਂ ਰੱਦ ਕੀਤਾ ਜਾਣਾ ਚਾਹੀਦਾ ਹੈ ਜਦੋਂ ਇਹ ਪਤਾ ਚੱਲਦਾ ਹੈ ਕਿ ਜੋੜੇ ਦਾ ਵਿਆਹ ਹੋ ਗਿਆ ਹੈ। ਪ੍ਰੇਮੀ ਜੋੜਾ ਲੰਬੇ ਸਮੇਂ ਤੋਂ ਖੁਸ਼ਹਾਲ ਜੀਵਨ ਜੀਅ ਰਿਹਾ ਹੈ ਅਤੇ ਉਨ੍ਹਾਂ ਦੇ ਬੱਚੇ ਵੀ ਹਨ, ਉਨ੍ਹਾਂ ਵਿਰੁਧ ਮਾਮਲਾ ਦਰਜ ਕਰਨਾ ਸ਼ਰਮਨਾਕ ਹੋਵੇਗਾ।
ਹਾਈ ਕੋਰਟ ਨੇ ਕਿਹਾ ਕਿ ਪ੍ਰੇਮੀ ਜੋੜਿਆਂ ਨਾਲ ਸਬੰਧਤ ਅਗਵਾ ਦੇ ਮਾਮਲਿਆਂ ਨੂੰ ਰੱਦ ਕਰਨ ਲਈ ਪਟੀਸ਼ਨਾਂ 'ਤੇ ਅਦਾਲਤਾਂ ਨੂੰ ਲਚਕਤਾ ਦਿਖਾਉਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਵਿਚ ਜਿੱਥੇ ਪੀੜਤਾ ਅਪਰਾਧ ਦੇ ਸਮੇਂ ਨਾਬਾਲਗ ਸੀ, ਜੇਕਰ ਉਹ ਬਾਲਗ ਹੋਣ ਤੋਂ ਬਾਅਦ ਵਿਆਹ ਜਾਰੀ ਰੱਖਦੀ ਹੈ, ਤਾਂ ਇਸ ਦਾ ਮੁਲਾਂਕਣ ਕਰਨ ਤੋਂ ਬਾਅਦ ਐਫਆਈਆਰ ਨੂੰ ਖਾਰਜ ਕੀਤਾ ਜਾ ਸਕਦਾ ਹੈ। ਜੋੜੇ ਦੀ ਖੁਸ਼ਹਾਲ ਜ਼ਿੰਦਗੀ ਅਤੇ ਬੱਚੇ ਹੋਣ ਤੋਂ ਬਾਅਦ ਐਫਆਈਆਰ ਨੂੰ ਰੱਦ ਕਰਨ ਵਿਚ ਬਹੁਤ ਜ਼ਿਆਦਾ ਵਿਚਾਰ ਨਹੀਂ ਕਰਨਾ ਚਾਹੀਦਾ। ਹਾਈ ਕੋਰਟ ਨੇ ਅਪਣੇ ਹੁਕਮਾਂ ਵਿਚ ਪਿਆਰ ਬਾਰੇ ਸ਼ੈਕਸਪੀਅਰ ਦੀਆਂ ਕੁੱਝ ਲਾਈਨਾਂ ਦਾ ਹਵਾਲਾ ਦਿਤਾ ਹੈ।