ਕਿਹਾ, “ਇਨ੍ਹਾਂ ਨੇ ਸਾਡਾ ਟੱਬਰ ਉਜਾੜ ਦਿਤਾ, ਟਾਈਟਲਰ ਨੂੰ ਦਿਤੀ ਜਾਵੇ ਫਾਂਸੀ ਦੀ ਸਜ਼ਾ”
ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੌਰਾਨ ਪੁਲ ਬੰਗਸ਼ ਇਲਾਕੇ ਵਿਚ ਹੋਏ ਕਤਲੇਆਮ ਸਬੰਧੀ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਤਲਬ ਕੀਤਾ ਹੈ। ਇਸ ਦੌਰਾਨ ਪੀੜਤ ਪ੍ਰਵਾਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਅਦਾਲਤ ਦੇ ਬਾਹਰ ਜਗਦੀਸ਼ ਟਾਈਟਲਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਪੀੜਤਾਂ ਨੇ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਹੋਰ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸਿੱਖ ਨਸਲਕੁਸ਼ੀ ਦੀਆਂ ਪੀੜਤ ਔਰਤਾਂ ਅਦਾਲਤ ਵਿਚ ਸੁਣਵਾਈ ਦੌਰਾਨ ਭਾਵੁਕ ਹੋ ਗਈਆਂ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਸਾਲਾਂ ਤੋਂ ਉਸ ਦਿਨ ਦੀ ਉਡੀਕ ਹੈ, ਜਦੋਂ ਦੋਸ਼ੀਆਂ ਨੂੰ ਫਾਂਸੀ ਦਿਤੀ ਜਾਵੇਗੀ।
1984 Sikh Genocide Victim Families Raise Slogans Against Jagdish Tytler
ਉਨ੍ਹਾਂ ਅੱਗੇ ਕਿਹਾ, “1984 ਵਿਚ ਜੋ ਅਸੀਂ ਹੰਢਾਇਆ ਉਹ ਜਾਂ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਜਾਂ ਫਿਰ ਸਰਕਾਰਾਂ ਜਾਣਕਾਰੀਆਂ ਹਨ। ਸਰਕਾਰਾਂ ਨੇ ਸਾਨੂੰ ਘਰ ਵਿਚ ਬਿਠਾ ਕੇ ਮਰਵਾਇਆ। ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਵੀ ਸਾੜ ਦਿਤਾ ਗਿਆ। ਸਾਰੇ ਪ੍ਰਵਾਰ ਨੂੰ ਖਤਮ ਕਰ ਦਿਤਾ ਗਿਆ”। ਟਾਈਟਲਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਪੀੜਤ ਮਹਿਲਾ ਨੇ ਦਸਿਆ, “ਇਹ ਤੇਲ ਆਦਿ ਦੀਆਂ ਟਰਾਲੀਆਂ ਭਰ-ਭਰ ਕੇ ਲਿਆਏ ਸਨ ਅਤੇ ਸਾਡੇ ਬੱਚਿਆਂ ਨੂੰ ਸਾੜ ਦਿਤਾ। ਜੇ ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ ਤਾਂ ਹੀ ਸਾਨੂੰ ਤਸੱਲੀ ਹੋਵੇਗੀ”।
ਅਦਾਲਤ ਦਾ ਧੰਨਵਾਦ ਕਰਦਿਆਂ ਇਕ ਹੋਰ ਪੀੜਤ ਮਹਿਲਾ ਨੇ ਕਿਹਾ ਕਿ 39 ਸਾਲ ਤੋਂ ਅਸੀਂ ਇਸ ਦਿਨ ਦੀ ਉਡੀਕ ਕਰ ਰਹੇ ਸੀ। ਉਨ੍ਹਾਂ ਕਿਹਾ, “ਜੇਕਰ ਟਾਈਟਲਰ ਜੇਲ ਵੀ ਚਲਾ ਗਿਆ ਤਾਂ ਹੀ ਜਿਊਂਦਾ ਰਹੇਗਾ ਪਰ ਇਸ ਨੇ ਤਾਂ ਸਾਡੇ ਟੱਬਰ ਨੂੰ ਹੀ ਉਜਾੜ ਦਿਤਾ ਸੀ। ਨਾ ਕਿਸੇ ਦਾ ਵੀਰ ਛੱਡਿਆ ਨਾ ਕਿਸੇ ਦਾ ਪੁੱਤ ਨਾ ਅਤੇ ਨਾ ਹੀ ਕਿਸੇ ਦਾ ਪਿਓ ਛੱਡਿਆ। ਸਾਨੂੰ ਘਰੋਂ ਬੇਘਰ ਕਰ ਦਿਤਾ ਤੇ ਅਸੀਂ ਕਈ ਰਾਤਾਂ ਭੁੱਖੇ-ਪਿਆਸੇ ਸੜਕਾਂ ਉਤੇ ਭਟਕਦੇ ਰਹੇ। ਸਾਰਾ ਕੱਖ ਵੀ ਨਹੀਂ ਬਚਿਆ”।
ਇਹ ਵੀ ਪੜ੍ਹੋ: ਗਾਇਬ ਸਿੱਕਿਆਂ ਦਾ ਮਾਮਲਾ ਹੱਲ ਕਰਨ ਲਈ ਐਸ.ਆਈ.ਟੀ. ਦਾ ਗਠਨ
ਸਿੱਖ ਕੌਮ ਦੇ ਹੰਭਲੇ ਸਦਕਾ ਹੋਈ ਕਾਰਵਾਈ: ਹਰਵਿੰਦਰ ਸਿੰਘ ਫੂਲਕਾ
ਇਸ ਮੌਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ 39 ਸਾਲ ਤੋਂ ਪੀੜਤ ਪ੍ਰਵਾਰ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ 3 ਵਾਰ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿਤੀ ਗਈ। ਦੋਸ਼ੀਆਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਥੱਕ ਕੇ ਪਿੱਛੇ ਹਟ ਜਾਣ। ਫੂਲਕਾ ਨੇ ਕਿਹਾ ਕਿ ਸਿਆਸੀ ਤਾਕਤ ਕਰਕੇ ਅਪਣਾ ਬਚਾਅ ਕਰਨ ਵਾਲੇ ਦੋਸ਼ੀ ਨੂੰ ਇਸ ਤਰ੍ਹਾਂ ਛੱਡਣਾ ਸਿੱਖ ਦਾ ਸੁਭਾਅ ਨਹੀਂ ਹੈ। ਉਨ੍ਹਾਂ ਦਸਿਆ ਕਿ ਦੋਸ਼ੀਆਂ ਨੇ ਕਈ ਵਾਰ ਗਵਾਹਾਂ ਅਤੇ ਵਕੀਲਾਂ ਨੂੰ ਧਮਕਾ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਲੋਂ ਮਾਰੇ ਗਏ ਹੰਭਲੇ ਸਦਕਾ ਹੀ ਟਾਈਟਲਰ ਵਿਰੁਧ ਕਤਲ ਦਾ ਮਾਮਲਾ ਚਲਾਇਆ ਜਾ ਰਿਹਾ ਹੈ। ਫੂਲਕਾ ਨੇ ਦਸਿਆ ਕਿ ਅਗਲੀ ਸੁਣਵਾਈ ਦੌਰਾਨ ਅਦਾਲਤ ਨੂੰ ਅਪੀਲ ਕੀਤੀ ਜਾਵੇਗੀ ਕਿ ਟਾਈਟਲਰ ਨੂੰ ਜ਼ਮਾਨਤ ਨਾ ਦਿਤੀ ਜਾਵੇ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਸਾਬਕਾ ਮੰਤਰੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਸ਼ੁਰੂ ਕੀਤੀ ਮੁਹਿੰਮ
ਇਹ ਸਿੱਖ ਕੌਮ ਦੀ ਸਾਂਝੀ ਜਿੱਤ : ਹਰਮੀਤ ਸਿੰਘ ਕਾਲਕਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 39 ਸਾਲਾਂ ਦੇ ਸੰਘਰਸ਼ ਦੌਰਾਨ ਸਰਕਾਰਾਂ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਕੌਮ ਨੂੰ ਵਧਾਈ ਦਿੰਦਿਆਂ ਕਾਲਕਾ ਨੇ ਕਿਹਾ ਕਿ ਇਹ ਸਿੱਖਾਂ ਦੀ ਸਾਂਝੀ ਜਿੱਤ ਹੈ। ਅਦਾਲਤ ਵਲੋਂ ਲਗਾਈਆਂ ਗਈਆਂ ਧਾਰਾਵਾਂ ਤਹਿਤ ਟਾਈਟਲਰ ਨੂੰ ਜ਼ਮਾਨਤ ਵੀ ਨਹੀਂ ਮਿਲ ਸਕੇਗੀ। ਉਨ੍ਹਾਂ ਦਸਿਆ ਕਿ ਅਦਾਲਤ ਵਲੋਂ 147, 149, 109, 302, 295, 236 ਆਈ.ਪੀ.ਸੀ., 148, 153, 188 ਧਾਰਾਵਾਂ ਲਗਾ ਕੇ ਸੰਮਨ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਦੇਰੀ ਨਾਲ ਹੀ ਸਹੀ ਪਰ ਇਨਸਾਫ਼ ਜ਼ਰੂਰ ਮਿਲੇਗਾ। ਇਹ ਕੌਮ ਨੇ ਸਾਂਝੀ ਲੜਾਈ ਲੜੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ 1984 ਵਿਚ ਸਿੱਖਾਂ ਨੂੰ ਮਿਲੇ ਜ਼ਖ਼ਮਾਂ ’ਤੇ ਮੱਲ੍ਹਮ ਲੱਗੀ ਹੈ। ਇਹ ਯਕੀਨੀ ਬਣਾਇਆ ਜਾਵੇਗਾ ਕਿ ਜਲਦ ਤੋਂ ਜਲਦ ਟਾਈਟਲਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ: ਕੇਰਲ: IUML ਦੇ ਯੂਥ ਵਿੰਗ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ, 300 ਤੋਂ ਵੱਧ ਲੋਕਾਂ ਵਿਰੁਧ ਕੇਸ ਦਰਜ
ਕੌਮ ਨੇ ਲੰਬੀ ਲੜਾਈ ਲੜੀ, ਅੱਗੇ ਵੀ ਲੜਦੇ ਰਹਾਂਗੇ: ਆਰ.ਪੀ. ਸਿੰਘ
ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਅਦਾਲਤ ਦੇ ਅੱਜ ਦੇ ਫ਼ੈਸਲੇ ਨੇ ਪੀੜਤ ਪ੍ਰਵਾਰਾਂ ਵਿਚ ਉਮੀਦ ਦੀ ਕਿਰਨ ਜਗਾਈ ਹੈ। ਅਦਾਲਤ ਵਲੋਂ ਲਗਾਈਆਂ ਗਈਆਂ ਧਾਰਾਵਾਂ ਤਹਿਤ ਟਾਈਟਲਰ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਰਕਾਰੀ ਦਬਾਅ ਕਾਰਨ ਮਾਮਲਾ ਲਟਕਦਾ ਰਿਹਾ ਪਰ ਹੁਣ ਸੀ.ਬੀ.ਆਈ. ’ਤੇ ਕੋਈ ਵੀ ਸਿਆਸੀ ਦਬਾਅ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਕਿ ਅਸੀਂ 39 ਸਾਲਾਂ ਤੋਂ ਇਹ ਲੜਾਈ ਲੜ ਰਹੇ ਹਾਂ ਅਤੇ ਜੇਕਰ ਲੋੜ ਪਈ ਤਾਂ 39 ਸਾਲ ਹੋਰ ਲੜਾਂਗੇ।



