
ਸੋਨੇ ਦੇ ਸਿੱਕਿਆਂ ਨੂੰ ਬਰਾਮਦ ਕਰਨ ਲਈ ਪੁੱਛ-ਪੜਤਾਲ ਜਾਰੀ
ਅਲੀਰਾਜਪੁਰ (ਮੱਧ ਪ੍ਰਦੇਸ਼): ਬ੍ਰਿਟਿਸ਼ ਕਾਲ ਦੇ 240 ਸੋਨੇ ਦੇ ਸਿੱਕਿਆਂ ਦੀ ਚਾਰ ਪੁਲਿਸ ਮੁਲਾਜ਼ਮਾਂ ਵਲੋਂ ਕਥਿਤ ਚੋਰੀ ਦੇ ਮਾਮਲੇ ਨੂੰ ਹੱਲ ਕਰਨ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਜ਼ਿਲ੍ਹੇ ਦੇ ਸੋਂਡਵਾ ਥਾਣੇ ਦੇ ਚਾਰ ਪੁਲਿਸ ਮੁਲਾਜ਼ਮਾਂ ’ਤੇ ਇਕ ਆਦਿਵਾਸੀ ਪ੍ਰਵਾਰ ਤੋਂ ਪ੍ਰਾਚੀਨ ਸਿੱਕੇ ਖੋਹਣ ਦਾ ਦੋਸ਼ ਹੈ। ਆਦਿਵਾਸੀ ਪ੍ਰਵਾਰ ਨੂੰ ਇਹ ਸਿੱਕੇ ਗੁਜਰਾਤ ’ਚ ਇਕ ਖੁਦਾਈ ਵਾਲੀ ਥਾਂ ’ਤੇ ਮਜ਼ਦੂਰ ਦੇ ਰੂਪ ’ਚ ਕੰਮ ਕਰਦਿਆਂ ਮਿਲੇ ਸਨ ਜਿਨ੍ਹਾਂ ਨੂੰ ਪ੍ਰਵਾਰ ਮੱਧ ਪ੍ਰਦੇਸ਼ ’ਚ ਅਪਣੇ ਘਰ ਲੁਕਾ ਲਿਆ ਸੀ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਥਾਣਾ ਇੰਚਾਰਜ ਅਤੇ ਤਿੰਨ ਕਾਂਸਟੇਬਲਾਂ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਮੁਲਾਜ਼ਮਾਂ ਨੂੰ ਹੁਣ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਅਲੀਰਾਜਪੁਰ ਦੇ ਪੁਲਿਸ ਸੂਪਰਡੈਂਟ ਹੰਸਰਾਜ ਸਿੰਘ ਨੇ ਕਿਹਾ ਕਿ ਐਸ.ਆਈ.ਟੀ. ਦੀ ਅਗਵਾਈ ਵਧੀਕ ਪੁਲਿਸ ਸੂਪਰਡੈਂਟ ਸਖਾਰਾਮ ਸੇਂਗਰ ਕਰਨਗੇ।
ਉਨ੍ਹਾਂ ਕਿਹਾ ਕਿ ਟੀਮ ਦੋ ਹਿੱਸਿਆਂ ’ਚ ਕੰਮ ਕਰ ਰਹੀ ਹੈ। ਪਹਿਲੀ ਟੀਮ ਸ਼ਿਕਾਇਤਕਰਤਾ ਅਤੇ ਉਸ ਦੇ ਪ੍ਰਵਾਰਕ ਜੀਆਂ ਨੂੰ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ’ਚ ਬੇਲੀਮੋਰਾ ਪਿੰਡ ਲੈ ਗਈ ਜਿੱਥੋਂ ਖੁਦਾਈ ਦੌਰਾਨ ਬ੍ਰਿਟਿਸ਼ ਦੌਰ ਦੇ 240 ਸੋਨੇ ਦੇ ਸਿੱਕੇ ਮਿਲੇ ਸਨ। ਦੂਜੀ ਟੀਮ ਮੁਲਜ਼ਮ ਪੁਲਿਸ ਵਾਲਿਆਂ ਤੋਂ ਪੁੱਛ-ਪੜਤਾਲ ਨਾਲ ਹੀ ਤਲਾਸ਼ੀ ਲੈ ਰਹੀ ਹੈ ਤਾਕਿ ਸੋਨੇ ਦੇ ਸਿੱਕਿਆਂ ਨੂੰ ਬਰਾਮਦ ਕੀਤਾ ਜਾ ਸਕੇ।
ਇਸ ਦੌਰਾਨ ਸੱਤਾਧਾਰੀ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਇਸ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ ਨਾਗਰ ਸਿੰਘ ਚੌਹਾਨ ਨੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੀ ਤੁਰਤ ਗ੍ਰਿਫ਼ਤਾਰੀ ਅਤੇ ਐਫ਼.ਆਈ.ਆਰ. ’ਚ ਚੋਰੀ ਦੀ ਬਜਾਏ ਲੁੱਟ ਨਾਲ ਸਬੰਧਤ ਧਾਰਾਵਾਂ ਜੋੜਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਨੇ ਦੇ ਸਿੱਕੇ ਆਦਿਵਾਸੀ ਪ੍ਰਵਾਰ ਨੂੰ ਸੌਂਪਣ ਦੀ ਵੀ ਮੰਗ ਕੀਤੀ ਹੈ। ਐਸ.ਪੀ. ਨੇ ਕਿਹਾ ਕਿ ਪੁਲਿਸ ਵਲੋਂ ਸੋਨੇ ਦੇ ਸਿਕੇ ਬਰਾਮਦ ਕਰਨ ਮਗਰੋਂ ਉਨ੍ਹਾਂ ਨੂੰ ਆਦਿਵਾਸੀ ਪ੍ਰਵਾਰਾਂ ਨੂੰ ਸੌਂਪਣ ਦੇ ਮੁੱਦੇ ’ਤੇ ਉਹ ਕਾਨੂੰਨੀ ਰਾਏ ਲੈਣਗੇ ਅਤੇ ਉਸ ਅਨੁਸਾਰ ਮਾਮਲੇ ’ਚ ਕਾਰਵਾਈ ਕਰਨਗੇ।
ਪੁਲਿਸ ’ਤੇ ਚਾਂਦੀ ਦੀ ਚੋਰੀ ਦਾ ਵੀ ਇਲਜ਼ਾਮ ਲੱਗਾ
ਜ਼ਿਲ੍ਹਾ ਪੁਲਿਸ ਦੇ ਮੁਲਾਜ਼ਮਾਂ ਵਲੋਂ ਅੰਗਰੇਜ਼ਾਂ ਦੇ ਸਮੇਂ ਦੇ ਸੋਨੇ ਦੇ ਸਿੱਕਿਆਂ ਦੀ ਕਥਿਤ ਚੋਰੀ ਦੇ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਗਠਨ ਮਗਰੋਂ ਹੁਣ ਪੁਲਿਸ ਮੁਲਾਜ਼ਮਾਂ ’ਤੇ ਚਾਂਦੀ ਚੋਰੀ ਕਰਨ ਦਾ ਵੀ ਦੋਸ਼ ਲਗਿਆ ਹੈ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਆਦਿਵਾਸੀ ਬਹੁਗਿਣਤੀ ਜ਼ਿਲ੍ਹੇ ਦੇ ਨਾਨਪੁਰ ਥਾਣੇ ਦੀ ਪੁਲਿਸ ਨੇ ਨਾ ਸਿਰਫ਼ ਉਨ੍ਹਾਂ ਨੂੰ ਚੋਰੀ ਹੋਈ ਚਾਂਦੀ ਮੁਕਾਬਲੇ ਘੱਟ ਭਾਰ ਦੀ ਚਾਂਦੀ ਵਾਪਸ ਕੀਤੀ ਬਲਕਿ ਉਸ ਦੀ ਕੁਆਲਿਟੀ ਵੀ ਘਟੀਆ ਸੀ।
ਤਾਜ਼ਾ ਘਟਨਾ ’ਚ, ਤੇਨਸਿੰਘ ਅਤੇ ਕੈਲਾਸ਼ ਤੋਮਰ ਨੇ ਪਿਛਲੇ ਸਾਲ 21 ਜਨਵਰੀ ਨੂੰ ਨਾਨਪੁਰ ਪੁਲਿਸ ਕੋਲ ਅਪਣੇ ਘਰੋਂ ਚਾਂਦੀ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ। ਇਕ ਪੁਲਿਸ ਸੂਤਰ ਨੇ ਦਸਿਆ ਕਿ 24 ਅਪ੍ਰੈਲ, 2022 ਨੂੰ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਚਾਂਦੀ ਬਰਾਮਦ ਕੀਤੀ।