ਕਿਹਾ - ਵਿਧਾਇਕ ਗੁਰਪ੍ਰੀਤ ਗੋਗੀ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ, ਅੱਗੇ ਤੋਂ ਧਿਆਨ ਰੱਖਾਂਗਾ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ-ਸਤਿਕਾਰ ਦੇਵਾਂਗਾ
ਚੰਡੀਗੜ੍ਹ : ਪ੍ਰਵਾਸੀ ਭਾਰਤੀ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਨੂੰ ਅੱਜ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਤਲਬ ਕੀਤਾ ਹੈ। ਉਨ੍ਹਾਂ ਨੂੰ 'ਆਪ' ਵਿਧਾਇਕ (ਲੁਧਿਆਣਾ ਪੱਛਮੀ) ਗੁਰਪ੍ਰੀਤ ਗੋਗੀ ਦੀ ਸ਼ਿਕਾਇਤ 'ਤੇ ਤਲਬ ਕੀਤਾ ਗਿਆ ਸੀ, ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਅਧਿਕਾਰੀ ਨੇ ਮਈ ਮਹੀਨੇ 'ਚ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਕੀਤਾ ਪਰਦਾਫ਼ਾਸ਼: ਦੋ ਹੋਰ ਸਰਟੀਫਿਕੇਟ ਕੀਤੇ ਰੱਦ: ਡਾ. ਬਲਜੀਤ ਕੌਰ
ਕਮੇਟੀ ਦੀ ਅਗਵਾਈ ਕਰ ਰਹੇ ਵਿਧਾਇਕ ਕੁਲਵੰਤ ਪੰਡੋਰੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਸ ਦਾ ਵਿਧਾਇਕ ਨਾਲ ਦੁਰਵਿਵਹਾਰ ਜਾਂ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪੰਡੋਰੀ ਨੇ ਕਿਹਾ, “ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਨੂੰ ਲੱਗਦਾ ਹੈ ਕਿ ਉਸ ਨੇ ਦੁਰਵਿਵਹਾਰ ਕੀਤਾ ਹੈ, ਤਾਂ ਉਹ ਉਸ ਨਾਲ ਮਾਮਲਾ ਸੁਲਝਾ ਲੈਣਗੇ ਅਤੇ ਭਵਿੱਖ ਵਿਚ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣਗੇ।”
ਜ਼ਿਕਰਯੋਗ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਨੇ ਸੀਨੀਅਰ ਆਈ.ਏ.ਐਸ. ਅਧਿਕਾਰੀ ਖ਼ਿਲਾਫ਼ ਸਪੀਕਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜੋ ਅੱਗੇ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿਤੀ ਗਈ ਸੀ। ਸ਼ਿਕਾਇਤ ਵਿਚ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜਦੋਂ ਉਹ 16 ਮਈ ਨੂੰ ਲੁਧਿਆਣਾ ਤੋਂ ਉਦਯੋਗਪਤੀਆਂ ਦੇ ਇਕ ਵਫ਼ਦ ਨੂੰ ਲੈ ਕੇ ਅਧਿਕਾਰੀ ਨੂੰ ਮਿਲਣ ਗਏ ਸਨ ਤਾਂ ਅਧਿਕਾਰੀ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ।