
ਮੀਂਹ ਦੇ ਝੰਬੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਸੁਣਾਇਆ ਅਪਣਾ ਦਰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਖਿਸਕਣ ਦੇ ਪੀੜਤ ਇਸ ਤਜਰਬ ਨੂੰ ਇਕ ਨਾ ਭੁੱਲਣ ਵਾਲਾ ਡਰਾਉਣਾ ਸੁਪਨਾ ਦੱਸ ਰਹੇ ਹਨ। ਜ਼ਮੀਨ ਖਿਸਕਣ ਤੋਂ ਪ੍ਰਭਾਵਤ ਪ੍ਰੋਮਿਲਾ ਨੇ ਕਿਹਾ, ‘‘ਇਸ ਬੁਰੇ ਸਮੇਂ ’ਚੋਂ ਲੰਘਣ ਨਾਲੋਂ ਮੌਤ ਬਿਹਤਰ ਹੈ ਕਿਉਂਕਿ ਜ਼ਿੰਦਗੀ ’ਚ ਉਮੀਦ ਦੀ ਕੋਈ ਕਿਰਨ ਨਹੀਂ ਦਿਸ ਰਹੀ।’’
ਪ੍ਰੋਮਿਲਾ ਇੱਥੇ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਇਕ ਇਮਾਰਤ ’ਚ ਰਹਿੰਦੀ ਸੀ, ਜਿੱਥੇ ਉਸ ਦਾ ਇਕ ਕਮਰਾ ਢਹਿ ਜਾਣ ਕਾਰਨ ਉਸ ਦਾ ਸਭ ਕੁਝ ਖਤਮ ਹੋ ਗਿਆ।
23 ਅਗੱਸਤ ਦੀ ਸਵੇਰ ਨੂੰ ਜ਼ਮੀਨ ਖਿਸਕਣ ਨਾਲ ਇਕ ਇਮਾਰਤ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਜਿਸ ’ਚ ਪ੍ਰੋਮਿਲਾ ਅਪਣੀ ਬੀਮਾਰ ਮਾਂ ਨਾਲ ਰਹਿੰਦੀ ਸੀ। ਇਹ ਇਮਾਰਤ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਦੇ ਨਾਲ ਲਗਦੀ ਹੈ।
ਪੀ.ਟੀ.ਆਈ. ਨੂੰ ਅਪਣਾ ਦਰਦ ਦਸਦਿਆਂ ਉਸ ਨੇ ਕਿਹਾ, ‘‘ਮੈਂ ਅਪਣੀ 75 ਵਰ੍ਹਿਆਂ ਦੀ ਮਾਂ ਨਾਲ ਰਹਿੰਦੀ ਹਾਂ ਜੋ ਕੈਂਸਰ ਤੋਂ ਪੀੜਤ ਹੈ ਅਤੇ 2016 ਤੋਂ ਉਸ ਦਾ ਇਲਾਜ ਕਰਵਾ ਰਹੀ ਹਾਂ। ਮੈਂ ਰਾਮ ਨਗਰ ਮਾਰਕੀਟ ’ਚ ਇਕ ਦੁਕਾਨ ’ਚ ਕੰਮ ਕਰਦਾ ਸੀ, ਜਿੱਥੇ ਮੈਨੂੰ ਪਿਛਲੇ ਹਫ਼ਤੇ ਛੁੱਟੀ ਦੇ ਦਿਤੀ ਗਈ ਸੀ ਕਿਉਂਕਿ ਮੰਦੀ ਕਾਰਨ ਕੋਈ ਗਾਹਕ ਨਹੀਂ ਸੀ।’’
ਪ੍ਰੋਮਿਲਾ ਕਹਿੰਦੀ ਹੈ, ‘‘ਮੈਂ ਵੀਰਵਾਰ ਰਾਤ ਨੂੰ ਹਸਪਤਾਲ ’ਚ ਸੌਂ ਗਈ ਕਿਉਂਕਿ ਮੇਰੇ ਕੋਲ ਜਾਣ ਲਈ ਕੋਈ ਥਾਂ ਨਹੀਂ ਸੀ।’’ ਪ੍ਰੋਮਿਲਾ ਦਾ ਕੋਈ ਭੈਣ-ਭਰਾ ਜਾਂ ਪਿਤਾ ਨਹੀਂ ਹੈ ਅਤੇ ਉਹ ਅਪਣੇ ਪਤੀ ਤੋਂ ਵੀ ਵੱਖ ਹੋ ਚੁਕੀ ਹੈ।
ਉਸ ਨੇ ਕਿਹਾ, ‘‘ਮੈਨੂੰ ਕਿਸੇ ਨੌਕਰੀ ਦੀ ਜ਼ਰੂਰਤ ਹੈ। ਮੈਂ ਝਾੜੂ ਲਾਉਣ ਦਾ ਕੰਮ ਕਰਨ ਲਈ ਵੀ ਤਿਆਰ ਹਾਂ ਕਿਉਂਕਿ ਮੈਨੂੰ ਅਪਣੀ ਮਾਂ ਦੇ ਇਲਾਜ ਲਈ ਪੈਸੇ ਦੀ ਸਖ਼ਤ ਲੋੜ ਹੈ।’’ ਪ੍ਰੋਮਿਲਾ ਨੇ 10ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ।
ਜ਼ਮੀਨ ਖਿਸਕਣ ਦੀ ਇਕ ਹੋਰ ਪੀੜਤ ਸੁਮਨ, ਜਿਸ ਦਾ ਕਮਰਾ ਪ੍ਰੋਮਿਲਾ ਦੇ ਨਾਲ ਹੀ ਸੀ, ਨੇ ਕਿਹਾ, ‘‘ਅਸੀਂ ਅਪਣਾ ਸਮਾਨ ਨਹੀਂ ਬਚਾ ਸਕੇ ਅਤੇ ਢਹਿ-ਢੇਰੀ ਹੋਏ ਘਰ ਤੋਂ ਬਾਹਰ ਨਿਕਲਣ ਵੇਲੇ ਸਾਡੇ ਪਹਿਨੇ ਹੋਏ ਕਪੜੇ ਹੀ ਬਚੇ ਸਨ।’’
ਸੁਮਨ, ਜੋ ਘਰੇਲੂ ਨੌਕਰ ਵਜੋਂ ਕੰਮ ਕਰਦੀ ਹੈ, ਕਹਿੰਦੀ ਹੈ ਕਿ ਜ਼ਮੀਨ ਖਿਸਕਣ ਵਿਚ ਉਸ ਦਾ ਸਭ ਕੁਝ ਗੁਆਚ ਗਿਆ ਹੈ ਅਤੇ ਉਸ ਕੋਲ ਅਪਣੇ ਬੇਟੇ ਦੀ ਸਕੂਲ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਹਨ।
ਉਨ੍ਹਾਂ ਕਿਹਾ, ‘‘ਸਾਡੀ ਹਾਲਤ ਤਰਸਯੋਗ ਹੈ ਪਰ ਅਧਿਕਾਰੀਆਂ ਨੇ ਧਿਆਨ ਨਹੀਂ ਦਿਤਾ ਕਿਉਂਕਿ ਜ਼ਮੀਨ ਖਿਸਕਣ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰੀਪੋਰਟ ਨਹੀਂ ਹੈ। ਜੇਕਰ ਸੂਬਾ ਸਰਕਾਰ ਆਫ਼ਤ ਪੀੜਤਾਂ ਦੀ ਮਦਦ ਨਹੀਂ ਕਰ ਸਕਦੀ ਤਾਂ ਇੰਨੇ ਦਾਨ ਲੈਣ ਦਾ ਕੀ ਫਾਇਦਾ।’’
ਸੁਮਨ ਨੇ ਕਿਹਾ, ‘‘ਅਸੀਂ ਗੁਰਦੁਆਰੇ ’ਚ ਖਾਣਾ ਖਾ ਚੁੱਕੇ ਹਾਂ ਅਤੇ ਅਪਣੇ ਰਿਸ਼ਤੇਦਾਰਾਂ ਦੇ ਘਰ ਠਹਿਰੇ ਹਾਂ, ਪਰ ਸਾਨੂੰ ਕੋਈ ਮਦਦ ਜਾਂ ਰਾਹਤ ਨਹੀਂ ਮਿਲੀ ਹੈ।’’
ਸ਼ਿਮਲਾ ’ਚ ਪਿਛਲੇ ਹਫ਼ਤਿਆਂ ’ਚ ਕਈ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਜ਼ਿਲ੍ਹੇ ’ਚ ਪਿਛਲੇ 10 ਦਿਨਾਂ ’ਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ।
ਇਸ ਮਹੀਨੇ ਸੂਬੇ ਅੰਦਰ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਘੱਟੋ-ਘੱਟ 120 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਹਿਮਾਚਲ ਪ੍ਰਦੇਸ਼ ’ਚ 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਮਰਨ ਵਾਲਿਆਂ ਦੀ ਗਿਣਤੀ 238 ਹੋ ਗਈ ਹੈ ਅਤੇ 40 ਲਾਪਤਾ ਹਨ।