
ਨਵੀਂ ਸੇਵਾ ਸਿੱਖ ਸ਼ਰਧਾਲੂਆਂ ਨੂੰ ਤੇਜ਼, ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਪ੍ਰਦਾਨ ਕਰੇਗੀ : ਫੜਨਵੀਸ
ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ. ਵਿਜੈ ਸਤਬੀਰ ਸਿੰਘ ਨੇ ਕੀਤਾ ਧੰਨਵਾਦ
ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਨਾਂਦੇੜ-ਮੁੰਬਈ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਨੂੰ ਮਰਾਠਵਾੜਾ ਖੇਤਰ ਦੀ ਖੁਸ਼ਹਾਲੀ ਦਾ ਪ੍ਰਵੇਸ਼ ਦੁਆਰ ਦੱਸਿਆ। ਮੁੱਖ ਮੰਤਰੀ ਨੇ ਮੁੰਬਈ ਵਿੱਚ ਰਾਜ ਸਕੱਤਰੇਤ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਦੋਂ ਕਿ ਨਾਂਦੇੜ ਰੇਲਵੇ ਸਟੇਸ਼ਨ 'ਤੇ ਇੱਕ ਰਸਮੀ ਪ੍ਰੋਗਰਾਮ ਕੀਤਾ ਗਿਆ।
ਸਿੱਖਾਂ ਲਈ ਇਕ ਪ੍ਰਮੁੱਖ ਤੀਰਥ ਸਥਾਨ ਵਜੋਂ ਨਾਂਦੇੜ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਫੜਨਵੀਸ ਨੇ ਕਿਹਾ ਕਿ ਨਵੀਂ ਸੇਵਾ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਤੇਜ਼, ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਪ੍ਰਦਾਨ ਕਰੇਗੀ। ਰੇਲਵੇ ਅਧਿਕਾਰੀਆਂ ਅਨੁਸਾਰ ਇਹ ਰੇਲ ਗੱਡੀ ਨਾਂਦੇੜ ਅਤੇ ਮੁੰਬਈ ਵਿਚਕਾਰ ਯਾਤਰਾ ਦੇ ਸਮੇਂ ਨੂੰ ਹੋਰ ਰੇਲ ਗੱਡੀਆਂ ਦੇ ਮੁਕਾਬਲੇ ਲਗਭਗ ਦੋ ਘੰਟੇ ਘਟਾ ਦੇਵੇਗੀ। ਫੁੱਲਾਂ ਨਾਲ ਸਜੀ ਪਹਿਲੀ ਵਿਸ਼ੇਸ਼ ਰੇਲ ਗੱਡੀ ਹਜ਼ੂਰ ਸਾਹਿਬ ਨਾਂਦੇੜ ਸਟੇਸ਼ਨ ਤੋਂ ਸਵੇਰੇ 11:20 ਵਜੇ ਰਵਾਨਾ ਹੋਈ ਅਤੇ ਰਾਤ 9:55 ਵਜੇ ਦੱਖਣੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ.ਐਸ.ਐਮ.ਟੀ.) ਪਹੁੰਚਣ ਦੀ ਉਮੀਦ ਹੈ। ਗੋਦਾਵਰੀ ਨਦੀ ਦੇ ਕੰਢੇ ਸਥਿਤ ਨਾਂਦੇੜ ਵਿੱਚ ਗੁਰਦੁਆਰਾ ਹਜ਼ੂਰ ਸਾਹਿਬ ਹੈ, ਜੋ ਸਿੱਖਾਂ ਲਈ ਇੱਕ ਮਹੱਤਵਪੂਰਨ ਤੀਰਥ ਸਥਾਨ ਹੈ।
ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ ਦੇ ਪ੍ਰਸ਼ਾਸਕ ਡਾ. ਵਿਜੈ ਸਤਬੀਰ ਸਿੰਘ ਆਈ.ਏ.ਐੱਸ. (ਆਰ.) ਨੇ ਸਿੱਖ ਸੰਗਤਾਂ ਵਲੋਂ ਵੰਦੇ ਭਾਰਤ ਐਕਸਪ੍ਰੈਸ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸ਼ੁਰੂ ਕਰਨ ਦੀ ਮੰਗ ਨੂੰ ਮਨਜ਼ੂਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ, ਰਾਜ ਰੇਲ ਮੰਤਰੀ ਰਵਨੀਤ ਸਿੰਘ ਜੀ ਬਿੱਟੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮਹਾਰਾਸ਼ਟਰ ਦੇ ਸਿੱਖਾਂ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਘੱਟ ਸਮੇਂ ਵਿਚ ਆਰਾਮਦਾਇਕ ਯਾਤਰਾ ਕਰਨ ਵਿਚ ਬਹੁਤ ਮਦਦ ਮਿਲੇਗੀ। ਅੱਜ ਤੋਂ ਸ਼ੁਰੂ ਹੋਈ ਇਸ ਵੰਦੇ ਭਾਰਤ ਐਕਸਪ੍ਰੈਸ ਦੀ ਸਾਰੀਆਂ ਨੂੰ ਬਹੁਤ ਵਧਾਈਆਂ ਹੋਣ ਅਤੇ ਸੰਬੰਧਤ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਵੰਦੇ ਭਾਰਤ ਐਕਸਪ੍ਰੈਸ ਰੇਲਵੇ ਨੰਬਰ 20705 ਰੋਜ਼ਾਨਾ ਸਵੇਰੇ 05:00 ਵੱਜੇ ਸ੍ਰੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਦੋਪਹਿਰ 02:25 ਵੱਜੇ ਸ੍ਰੀ ਛਤਰਪਤੀ ਸ਼ਿਵਾਜੀ ਟਰਮੀਨਲ, ਮੁੰਬਈ ਪੁੱਜੇਗੀ, ਰੇਲਵੇ ਨੰਬਰ 20706 ਰੋਜ਼ਾਨਾ ਮੁੰਬਈ ਤੋਂ ਦੋਪਹਿਰ 01:10 ਵੱਜੇ ਰਵਾਨਾ ਹੋਵੇਗੀ ਅਤੇ ਰਾਤ 10:50 ਵੱਜੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਪੁੱਜੇਗੀ। ਇਹ ਜਾਨਕਾਰੀ ਸੁਪਰਡੈਂਟ, ਗੁਰਦੁਆਰਾ ਤਖ਼ਤ ਸੱਚਖੰਡ ਬੋਰਡ, ਨਾਂਦੇੜ ਵਲੋਂ ਪ੍ਰੈਸ ਨੋਟ ਰਾਹੀ ਦਿਤੀ ਗਈ।