
ਕੁਲ ਜਾਇਦਾਦ 3,80,700 ਕਰੋੜ ਰੁਪਏ ਨੂੰ ਪੁੱਜੀ
ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਾਤਾਰ ਅਠਵੇਂ ਸਾਲ ਸੱਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿਚ ਸੱਭ ਤੋਂ ਸਿਖਰ 'ਤੇ ਹਨ। ਉਨ੍ਹਾਂ ਦੀ ਕੁਲ ਸੰਪਤੀ 3,80,700 ਕਰੋੜ ਰੁਪਏ ਹੈ। ਆਈਆਈਐਫ਼ਐਲ ਵੈਲਥ ਹੂਰਨ ਇੰਡੀਆ ਦੀ ਅਮੀਰਾਂ ਦੀ ਸੂਚੀ ਮੁਤਾਬਕ ਲੰਦਨ ਦੇ ਐਸਪੀ ਹਿੰਦੂਜਾ ਅਤੇ ਉਨ੍ਹਾਂ ਦਾ ਪਰਵਾਰ 1,86,500 ਕਰੋੜ ਰੁਪਏ ਦੀ ਸੰਪਤੀ ਨਾਲ ਦੂਜੇ ਸਥਾਨ 'ਤੇ ਹੈ।
Azim Premji
ਵਿਪਰੋ ਦੇ ਅਜ਼ੀਮ ਪ੍ਰੇਮਜੀ ਅਮੀਰ ਭਾਰਤੀਆਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਹਨ। ਉਨ੍ਹਾਂ ਦੀ ਕੁਲ ਸੰਪਤੀ 1,17,100 ਕਰੋੜ ਰੁਪਏ ਰਹੀ ਹੈ। ਇਸ ਵਾਰ ਦੀ ਸੂਚੀ ਵਿਚ 1000 ਕਰੋੜ ਰੁਪਏ ਤੋਂ ਵੱਧ ਸੰਪਤੀ ਵਾਲੇ ਭਾਰਤੀਆਂ ਦੀ ਗਿਣਤੀ ਵੱਧ ਕੇ 953 ਹੋ ਗਈ ਹੈ। 2018 ਵਿਚ ਇਹ ਗਿਣਤੀ 831 ਸੀ। ਡਾਲਰ ਮੁਲ ਵਿਚ ਅਰਬਪਤੀਆਂ ਦੀ ਗਿਣਤੀ 141 ਤੋਂ ਘੱਟ ਕੇ 138 ਰਹਿ ਗਈ ਹੈ।
ਭਾਰਤੀ ਅਮੀਰਾਂ ਦੀ ਸੂਚੀ ਵਿਚ ਆਰਸਲਰਮਿੱਤਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਕਸ਼ਮੀ ਨਿਵਾਸ ਮਿੱਤਲ 1,07,300 ਕਰੋੜ ਰੁਪਏ ਦੀ ਸੰਪਤੀ ਨਾਲ ਚੌਥੇ ਅਤੇ 94500 ਕਰੋੜ ਰੁਪਏ ਦੀ ਸੰਪਤੀ ਨਾਲ ਗੌਤਮ ਅਡਾਨੀ ਪੰਜਵੇਂ ਸਥਾਨ 'ਤੇ ਹਨ। ਸਿਖਰਲੇ ਦਸ ਅਮੀਰ ਭਾਰਤੀਆਂ ਵਿਚ 94100 ਕਰੋੜ ਰੁਪਏ ਦੀ ਸੰਪਤੀ ਨਾਲ ਉਦੇ ਕੋਟਕ ਛੇਵੇਂ, 88800 ਕਰੋੜ ਰੁਪਏ ਦੀ ਸੰਪਤੀ ਨਾਲ ਸਾਇਰਸ ਐਸ ਪੂਨਾਵਾਲਾ ਸਤਵੇਂ, 76800 ਕਰੋੜ ਰੁਪਏ ਦੀ ਸੰਪਤੀ ਨਾਲ ਸਾਇਰਸ ਪਲੋਨਜੀ ਮਿਸਤਰੀ ਅਠਵੇਂ, 76800 ਕਰੋੜ ਰੁਪਏ ਦੀ ਸੰਪਤੀ ਨਾਲ ਸ਼ਾਪੋਰਜੀ ਪਲੋਨਜੀ ਨੌਵੇਂ ਅਤੇ 71500 ਕਰੋੜ ਰੁਪਏ ਦੀ ਸੰਪਤੀ ਨਾਲ ਦਲੀਪ ਸਾਂਘਵੀ ਦਸਵੇਂ ਸਥਾਨ 'ਤੇ ਰਹੇ ਹਨ।
SP Hinduja
ਇਸ ਸਾਲ ਅਮੀਰਾਂ ਦੀ ਕੁਲ ਸੰਪਤੀ ਵਿਚ ਸਮੂਹਕ ਤੌਰ 'ਤੇ ਦੋ ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਂਜ ਔਸਤ ਸੰਪਤੀ ਵਾਧਾ 11 ਫ਼ੀ ਸਦੀ ਘਟਿਆ ਹੈ। ਸੂਚੀ ਵਿਚ ਸ਼ਾਮਲ 344 ਅਮੀਰਾਂ ਦੀ ਸੰਪਤੀ ਇਸ ਸਾਲ ਘਟੀ ਹੈ। 112 ਅਮੀਰ ਅਜਿਹੇ ਰਹੇ ਹਨ ਜਿਹੜੇ 1000 ਕਰੋੜ ਰੁਪਏ ਦੇ ਪੱਧਰ ਤੋਂ ਪਿਛੇ ਰਹੇ ਹਨ। ਰੀਪੋਰਟ ਮੁਤਾਬਕ 246 ਯਾਨੀ 26 ਅਮੀਰ ਭਾਰਤੀ ਮੁੰਬਈ ਵਿਚ ਰਹਿੰਦੇ ਹਨ। ਦਿੱਲੀ ਵਿਚ 175 ਅਮੀਰਾਂ ਦਾ ਨਿਵਾਸ ਹੈ ਜਦਕਿ ਬੰਗਲੌਰ ਵਿਚ 77 ਅਮੀਰ ਭਾਰਤੀ ਰਹਿੰਦੇ ਹਨ। ਇਸ ਸੂਚੀ ਵਿਚ ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ।
ਇਨ੍ਹਾਂ ਵਿਚੋਂ 76 ਫ਼ੀ ਸਦ ਨੇ ਅਪਣੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਪ੍ਰਵਾਸੀ ਭਾਰਤੀਆਂ ਲਈ ਪਸੰਦੀਦਾ ਮੁਲਕ ਅਮਰੀਕਾ ਹੈ। ਅਮਰੀਕਾ ਵਿਚ 31 ਅਮੀਰ ਭਾਰਤੀ ਰਹਿੰਦੇ ਹਨ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਅਤੇ ਬ੍ਰਿਟੇਨ ਦਾ ਨੰਬਰ ਆਉਂਦਾ ਹੈ। ਓਓ ਰੂਮਸ ਦੇ ਰਿਤੇਸ਼ ਅਗਰਵਾਲ 7500 ਕਰੋੜ ਰੁਪਏ ਦੀ ਸੰਪਤੀ ਨਾਲ ਸੱਭ ਤੋਂ ਘੱਟ ਉਮਰ (25) ਦੇ ਅਰਬਪਤੀ ਹਨ। ਉਹ ਅਪਣੇ ਦਮ 'ਤੇ ਇਸ ਮੁਕਾਮ 'ਤੇ ਪਹੁੰਚੇ ਹਨ। ਮੀਡੀਆ ਨੈਟ ਦੇ ਦਿਵਯਾਂਕ ਤੁਰਾਖੀਆ 40 ਸਾਲ ਤੋਂ ਘੱਟ ਉਮਰ ਦੇ ਸੱਭ ਤੋਂ ਅਮੀਰ ਭਾਰਤੀ ਹਨ। ਉਨ੍ਹਾਂ ਦੀ ਉਮਰ 37 ਸਾਲ ਹੈ।
Roshni Nadar
ਰੌਸ਼ਨੀ ਨਡਾਰ ਸੱਭ ਤੋਂ ਅਮੀਰ ਔਰਤ
ਸੂਚੀ ਵਿਚ 152 ਔਰਤਾਂ ਸ਼ਾਮਲ ਹਨ। ਉਨ੍ਹਾਂ ਦੀ ਔਸਤ ਉਮਰ 56 ਸਾਲ ਹੈ। ਐਚਸੀਐਨ ਟੈਕਨਾਲੋਜੀਜ਼ ਦੀ 37 ਸਾਲਾ ਰੌਸ਼ਨੀ ਨਡਾਰ ਸੱਭ ਤੋਂ ਅਮੀਰ ਭਾਰਤੀ ਔਰਤ ਹੈ। ਉਸ ਤੋਂ ਬਾਅਦ ਗੋਦਰੇਜ ਸਮੂਹ ਦੀ ਸਿਮਤਾ ਵੀ ਕ੍ਰਿਸ਼ਨਾ ਜਿਨ੍ਹਾਂ ਦੀ ਉਮਰ 68 ਸਾਲ ਹੈ, ਦਾ ਨੰਬਰ ਆਉਂਦਾ ਹੈ। ਉਨ੍ਹਾਂ ਦੀ ਕੁਲ ਸੰਪਤੀ 31,400 ਕਰੋੜ ਰੁਪਏ ਹੈ।18500 ਕਰੋੜ ਰੁਪਏ ਦੀ ਸੰਪਤੀ ਨਾਲ ਬਾਇਕੋਕਾਨ ਦੀ ਕਿਰਨ ਮਜੂਮਦਾਰ ਅਪਣੇ ਬਲ 'ਤੇ ਇਹ ਮੁਕਾਮ ਹਾਸਲ ਕਰਨ ਵਾਲੀ ਸੱਭ ਤੋਂ ਅਮੀਰ ਭਾਰਤੀ ਔਰਤ ਹੈ।
GDP
5 ਅਮੀਰਾਂ ਦੀ ਸੰਪਤੀ ਜੀਡੀਪੀ ਦੇ ਦਸ ਫ਼ੀ ਸਦੀ ਬਰਾਬਰ
ਸਿਖਰਲੇ 35 ਅਮੀਰਾਂ ਦੀ ਸੰਪਤੀ ਜੀਡੀਪੀ ਦੇ ਦਸ ਫ਼ੀ ਸਦੀ ਬਰਾਬਰ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਸਿਖਰਲੇ 25 ਅਮੀਰਾਂ ਦੀ ਕੁਲ ਸੰਪਤੀ ਦਾ ਮੁਲ ਭਾਰਤ ਦੇ ਕੁਲ ਘਰੇਲੂ ਉਤਪਾਦ ਯਾਨੀ ਜੀਡੀਪੀ ਦੇ ਦਸ ਫ਼ੀ ਸਦ ਦੇ ਬਰਾਬਰ ਹੈ। 1000 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਰੱਖਣ ਵਾਲੇ 953 ਅਮੀਰਾਂ ਦੀਆਂ ਕੁਲ ਸੰਪਤੀਆਂ ਦੇਸ਼ ਦੀ ਜੀਡੀਪੀ ਦੇ 27 ਫ਼ੀ ਸਦੀ ਦੇ ਬਰਾਬਰ ਹਨ।