
ਦਿਵਾਲੀਆ ਹੋ ਰਹੀ ਆਰਕਾਮ ਨੂੰ ਖਰੀਦ ਸਕਦੀ ਹੈ ਆਰਆਈਐਲ਼
ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਰਿਲਾਇੰਸ ਕਮਿਊਨੀਕੇਸ਼ਨ ਲਈ ਬੋਲੀ ਲਗਾ ਸਕਦੀ ਹੈ। ਇਸ ਦੇ ਨਾਲ ਹੀ ਦਿਵਾਲੀਆ ਹੋ ਚੁੱਕੀ ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ਲਈ ਬੋਲੀ ਲਗਾਉਣ ਵਾਲੀ ਆਰਆਈਐਲ ਪਹਿਲੀ ਕੰਪਨੀ ਬਣ ਜਾਵੇਗੀ। ਸੂਤਰਾਂ ਅਨੁਸਾਰ ਰਿਲਾਇੰਸ ਜੀਓ ਦੀ ਯੋਜਨਾ ਆਰਕਾਮ ਦੀ ਜਾਇਦਾਦ ਲਈ ਬੋਲੀ ਲਗਾਉਣ ਦੀ ਹੈ ਜੋ ਦਿਵਾਲੀਆ ਪ੍ਰਕਿਰਿਆ ਦੌਰਾਨ ਵਿਕਰੀ ਲਈ ਆਵੇਗੀ। ਦੋਵੇਂ ਭਰਾਵਾਂ ਲਈ ਇਹ ਬੋਲੀ ਦੋ ਤਰੀਕਿਆਂ ਨਾਲ ਜ਼ਰੂਰੀ ਹੈ। ਪਹਿਲਾ ਇਹ ਕਿ ਆਰਕਾਮ ਦੇ ਏਅਰਵੇਵ ਅਤੇ ਟਾਵਰ ਰਿਲਾਇੰਸ ਜੀਓ ਦੀਆਂ ਸੇਵਾਵਾਂ ਨੂੰ ਹੁੰਘਾਰਾ ਦੇਣਗੇ, ਜੋ 5ਜੀ ਨੂੰ ਰੋਲ ਆਊਟ ਕਰਨ ਲਈ ਤਿਆਰ ਹੋ ਰਹੀਆਂ ਹਨ। ਉੱਥੇ ਹੀ ਦਿਵਾਲੀਆ ਕੰਪਨੀ ਕੋਲ ਨਵੀਂ ਮੁੰਬਈ ਵਿਚ ਸਥਿਤ ਧੀਰੂਭਾਈ ਅੰਬਾਨੀ ਨਾਲੇਜ ਸਿਟੀ ਵਿਚ ਜ਼ਮੀਨ ਹੈ, ਜਿਸ ਨੂੰ ਧੀਰੂਭਾਈ ਅੰਬਾਨੀ ਨੇ 90 ਦੇ ਦਹਾਕੇ ਵਿਚ ਖਰੀਦਿਆ ਸੀ।
RCom
ਸੂਤਰਾਂ ਅਨੁਸਾਰ ਜੀਓ ਨੇ ਅਪਣੇ ਫਾਈਬਰ ਅਤੇ ਟਾਵਰਸ ਨੂੰ ਦੋ ਨਿਵੇਸ਼ ਟਰੱਸਟ ਨੂੰ ਟਰਾਂਸਫਰ ਕਰ ਦਿੱਤਾ, ਤਾਕਿ ਜੀਓ ਦੇ ਕਰਜ਼ੇ ਨੂੰ ਘੱਟ ਕਰ ਕੇ ਆਰਕਾਮ ਅਤੇ 5ਜੀ ਵਿਚ ਨਿਵੇਸ਼ ਲਈ ਜਗ੍ਹਾ ਮਿਲ ਸਕੇ। ਜੀਓ ਦਾ ਕਾਨੂੰਨੀ ਵਿਭਾਗ ਦਿਵਾਲੀਆ ਪ੍ਰਕਿਰਿਆ ਵਿਚ ਸ਼ਾਮਲ ਤੌਰ-ਤਰੀਕਿਆਂ ਦਾ ਬਰੀਕੀ ਨਾਲ ਨਿਰੀਖਣ ਕਰ ਰਿਹਾ ਹੈ।ਦੱਸ ਦਈਏ ਕਿ ਮਾਰਚ ਮਹੀਨੇ ਵਿਚ ਮੁਕੇਸ਼ ਅੰਬਾਨੀ ਨੇ ਅਪਣੇ ਛੋਟੇ ਭਰਾ ਅਨਿਲ ਅੰਬਾਨੀ ਦੀ 580 ਕਰੋੜ ਰੁਪਏ ਦੀ ਮਦਦ ਕੀਤੀ ਸੀ, ਜਿਸ ਨਾਲ ਅਨਿਲ ਅੰਬਾਨੀ ਜੇਲ੍ਹ ਜਾਣ ਤੋਂ ਬਚ ਗਏ ਸਨ। ਜੀਓ ਪਹਿਲਾਂ ਤੋਂ ਹੀ ਮੁੰਬਈ ਸਮੇਤ 21 ਸਰਕਲਾਂ ਵਿਚ 850 ਮੈਗਾਹਟਜ਼ ਬੈਂਡ ਵਿਚ ਆਰਕਾਮ ਦੇ ਐਏਅਰਵੇਵਜ਼ ਦੀ ਵਰਤੋਂ ਕਰ ਰਿਹਾ ਹੈ।
Ambani brothers
ਆਰਕਾਮ ਨੇ ਅਪਣੇ ਕਰਜ਼ੇ ਨੂੰ ਡਿਫ਼ਾਲਟ ਕਰਨ ਤੋਂ ਠੀਕ ਪਹਿਲਾਂ 850 ਮੈਗਾਹਰਟਜ਼ ਬੈਂਡ ਵਿਚੋਂ 122.4 ਮੈਗਾਹਰਟਜ਼ ਸਪੈਕਟਰਮ ਵੇਚਣ ਲਈ ਜੀਓ ਨਾਲ ਕੀਤੇ 7300 ਕਰੋੜ ਰੁਪਏ ਦੇ ਸਮਝੌਤੇ ਨੂੰ ਖ਼ਤਮ ਕਰ ਦਿੱਤਾ ਸੀ। ਉਸ ਸਮੇਂ ਇਸ ਸਮਝੌਤੇ ਨੂੰ ਟੈਲੀਕਾਮ ਵਿਭਾਗ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਜੀਓ ਨੇ ਆਰਕਾਮ ਦੀ ਪਹਿਲੀ ਬਕਾਇਆ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜੀਓ ਨੇ 18,000 ਕਰੋੜ ਰੁਪਏ ਦੇ ਸੌਦੇ ਤਹਿਤ 43000 ਟੈਲੀਕਾਮ ਟਾਵਰਾਂ ਅਤੇ ਆਰਕਾਮ ਦੇ ਹੋਰ ਵਾਇਰਲੈੱਸ ਢਾਂਚਿਆਂ ਨੂੰ ਖਰੀਦਣ ‘ਤੇ ਵੀ ਸਹਿਮਤੀ ਜਤਾਈ ਸੀ। ਆਰਕਾਮ ਨੇ ਕੈਨੇਡਾ ਦੇ ਬ੍ਰੁਕਫੀਲਡ ਵਿਚ ਅਪਣੀ ਅਚੱਲ ਜਾਇਦਾਦ ਦਾ ਹਿੱਸਾ ਵੇਚਣ ਦੀ ਯੋਜਨਾ ਵੀ ਬਣਾਈ ਸੀ।
RCom
ਕਰਜ਼ਾ ਖਤਮ ਕਰਨ ਲਈ ਅਪਣੀ ਜਾਇਦਾਦ ਨੂੰ ਵੇਚਣ ਦੀ ਯੋਜਨਾ ਦੇ ਫੇਲ੍ਹ ਹੋਣ ਤੋਂ ਬਾਅਦ 1 ਫਰਵਰੀ 2019 ਨੂੰ ਆਰਕਾਮ ਨੇ ਦਿਵਾਲੀਆ ਪ੍ਰਕਿਰਿਆ ਲਈ ਫਾਈਲ ਕਰਨ ਦਾ ਫੈਸਲਾ ਕੀਤਾ। ਪਿਛਲੇ ਮਹੀਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਉਨਲ ਨੇ ਡੇਲਾਇਟ ਦੇ ਅਨੀਸ਼ ਨਾਨਾਵਟੀ ਨੂੰ ਆਰਕਾਮ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਲਈ ਰਿਜ਼ੋਲਿਉਸ਼ਨਲ ਪ੍ਰੋਫੈਸ਼ਨਲ ਦੇ ਰੂਪ ਵਿਚ ਨਿਯੁਕਤ ਕੀਤਾ ਸੀ। ਨਵੇਂ ਰਿਜ਼ੋਲਿਉਸ਼ਨਲ ਪ੍ਰੋਫੈਸ਼ਨਲ ਨੇ 23 ਜੁਲਾਈ ਨੂੰ ਐਨਸੀਐਲਟੀ ਵਿਚ ਦਿਵਾਲੀਆ ਪ੍ਰਕਿਰਿਆ ‘ਤੇ ਰਿਪੋਰਟ ਦੇਣੀ ਹੈ। ਕਰਜ਼ ਦਾਤਾਵਾਂ ਨੇ ਆਰਕਾਮ ਅਤੇ ਉਸ ਦੀਆਂ ਦੋ ਕੰਪਨੀਆਂ ਰਿਲਾਇੰਸ ਟੈਲੀਕਾਮ ਅਤੇ ਰਿਲਾਇੰਸ ਇੰਫ਼੍ਰਾਟੇਲ ਵਿਚ 88 ਹਜ਼ਾਰ ਕਰੋੜ ਰੁਪਏ ਦਾ ਦਾਅਵਾ ਕੀਤਾ ਹੈ।