ਮੁੰਬਈ ਪੁਲਿਸ ਵਿਸ਼ੇਸ਼ ਅਦਾਲਤ ਅੱਗੇ 400 ਪੰਨਿਆਂ ਦੀ ਚੌਥੀ ਚਾਰਜਸ਼ੀਟ ਦਾਇਰ ਕੀਤੀ
ਮੁੰਬਈ: 26 ਨਵੰਬਰ 2008 ਦੇ ਮੁੰਬਈ ਅਤਿਵਾਦੀ ਹਮਲੇ ਦੇ ਮਾਮਲੇ ’ਚ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਵਿਰੁਧ ਦਾਇਰ ਪੂਰਕ ਚਾਰਜਸ਼ੀਟ ਵਿਚ ਪੁਲਿਸ ਨੇ ਦਸਿਆ ਹੈ ਕਿ ਉਹ ਹਮਲੇ ਤੋਂ ਬਿਲਕੁਲ ਪਹਿਲਾਂ ਪੋਵਈ ਉਪਨਗਰ ਦੇ ਇਕ ਹੋਟਲ ਵਿਚ ਦੋ ਦਿਨ ਠਹਿਰਿਆ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਮੁੰਬਈ ਪੁਲਿਸ ਦੀ ਅਪਰਾਧ ਬ੍ਰਾਂਚ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਤਹਿਤ ਦਰਜ ਕੇਸਾਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਅੱਗੇ ਸੋਮਵਾਰ ਨੂੰ 400 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਇਸ ਮਾਮਲੇ ’ਚ ਇਹ ਚੌਥੀ ਚਾਰਜਸ਼ੀਟ ਹੈ। ਫਿਲਹਾਲ ਰਾਣਾ ਅਮਰੀਕਾ ਅੰਦਰ ਹਿਰਾਸਤ ’ਚ ਹੈ ਅਤੇ ਮੁੰਬਈ ਹਮਲੇ ਨਾਲ ਜੁੜੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦਾ ਸਬੰਧ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਮੰਨਿਆ ਜਾ ਰਿਹਾ ਹੈ, ਜੋ 26/11 ਦੇ ਹਮਲਿਆਂ ਦੇ ਮੁੱਖ ਸਾਜ਼ਸ਼ਕਰਤਾਵਾਂ ’ਚੋਂ ਇਕ ਸੀ।
ਚਾਰਜਸ਼ੀਟ ’ਚ ਦਸਿਆ ਗਿਆ ਹੈ ਕਿ ਤਹੱਵੁਰ ਹੁਸੈਨ ਰਾਣਾ 11 ਨਵੰਬਰ 2008 ਨੂੰ ਭਾਰਤ ਆਇਆ ਸੀ ਅਤੇ 21 ਨਵੰਬਰ ਤੱਕ ਇੱਥੇ ਰਿਹਾ। ਮੁੰਬਈ ਪੁਲਿਸ ਦੀ ਅਪਰਾਧ ਬ੍ਰਾਂਚ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦਸਿਆ ਕਿ ਉਸ ਨੇ ਪਵਈ ਦੇ ਰੇਨੇਸੈਂਸ ਹੋਟਲ ’ਚ ਦੋ ਦਿਨ ਬਿਤਾਏ। ਉਸ ਨੇ ਕਿਹਾ, ‘‘ਸਾਨੂੰ ਰਾਣਾ ਵਿਰੁਧ ਦਸਤਾਵੇਜ਼ੀ ਸਬੂਤ ਅਤੇ ਕੁਝ ਬਿਆਨ ਮਿਲੇ ਹਨ ਜੋ ਸਾਜ਼ਸ਼ ਵਿਚ ਉਸ ਦੀ ਭੂਮਿਕਾ ਦਾ ਪ੍ਰਗਟਾਵਾ ਕਰਦੇ ਹਨ। ਦਸਤਾਵੇਜ਼ੀ ਸਬੂਤ ਦਰਸਾਉਂਦੇ ਹਨ ਕਿ ਰਾਣਾ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਸਾਜ਼ਸ਼ ਰਚਣ ’ਚ ਸਰਗਰਮੀ ਨਾਲ ਸ਼ਾਮਲ ਸੀ, ਜੋ 26/11 ਦੇ ਹਮਲਿਆਂ ਦੇ ਮੁੱਖ ਸਾਜ਼ਸ਼ਕਾਰਾਂ ’ਚੋਂ ਇਕ ਸੀ।’’
ਅਧਿਕਾਰੀ ਨੇ ਕਿਹਾ ਕਿ ਉਸ (ਰਾਣਾ) ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਹੈਡਲੀ ਨੂੰ ਭਾਰਤੀ ਸੈਲਾਨੀ ਵੀਜ਼ਾ ਦਿਵਾਉਣ ’ਚ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਣਾ ਨੇ 26/11 ਦੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ’ਚ ਕਥਿਤ ਤੌਰ ’ਤੇ ਲਸ਼ਕਰ-ਏ-ਤੋਇਬਾ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ, ‘‘ਅਪਰਾਧ ਸ਼ਾਖਾ ਨੇ ਹੈਡਲੀ ਅਤੇ ਰਾਣਾ ਵਿਚਕਾਰ ਈ-ਮੇਲ ਸੰਚਾਰ ਪ੍ਰਾਪਤ ਕੀਤੇ ਹਨ।’’
ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜੱਜ ਸਾਹਮਣੇ ਰਾਣਾ ਵਿਰੁਧ ਸਬੂਤਾਂ ਦੀ ਸੂਚੀ ਪੇਸ਼ ਕਰਨਗੇ। ਨਿਕਮ ਨੇ ਕਿਹਾ ਕਿ ਰਾਣਾ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਵੀ ਸੀ। ਪਾਕਿਸਤਾਨੀ ਮੂਲ ਦਾ ਅਮਰੀਕੀ ਨਾਗਰਿਕ ਅਤੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੈਡਲੀ 26/11 ਦੇ ਅਤਿਵਾਦੀ ਹਮਲਿਆਂ ’ਚ ਅਪਣੀ ਭੂਮਿਕਾ ਲਈ ਅਮਰੀਕੀ ਜੇਲ੍ਹ ’ਚ 35 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਆਏ 10 ਅਤਿਵਾਦੀਆਂ ਨੇ ਮੁੰਬਈ ’ਚ ਲੜੀਵਾਰ ਹਮਲੇ ਕੀਤੇ ਸਨ, ਜਿਸ ’ਚ 166 ਲੋਕ ਮਾਰੇ ਗਏ ਸਨ।
ਇਨ੍ਹਾਂ 10 ਅਤਿਵਾਦੀਆਂ ਵਿਚ ਅਜਮਲ ਕਸਾਬ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਜ਼ਿੰਦਾ ਫੜ ਲਿਆ ਗਿਆ ਅਤੇ ਫਿਰ ਮੁਕੱਦਮਾ ਚਲਾਇਆ ਗਿਆ। ਵਿਸ਼ੇਸ਼ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਦੋ ਸਾਲ ਬਾਅਦ ਨਵੰਬਰ 2012 ’ਚ ਪੁਣੇ ਦੀ ਯਰਵਦਾ ਕੇਂਦਰੀ ਜੇਲ੍ਹ ’ਚ ਫਾਂਸੀ ਦਿਤੀ ਗਈ ਸੀ।