
ਸੰਘਰਸ਼ ਵਿਚ ਸਿਰਫ ਕਿਸਾਨਾਂ ਨੇ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੇ ਸਾਥ ਦਿੱਤਾ ਹੈ, ਇਹਨਾਂ ਵਿਚ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਸ਼ਾਮਲ ਹਨ।
ਨਵੀਂ ਦਿੱਲੀ(ਨਿਮਰਤ ਕੌਰ): ਕਿਸਾਨੀ ਸੰਘਰਸ਼ ਨੂੰ ਅੱਜ ਇਕ ਸਾਲ ਪੂਰਾ ਹੋ ਚੁੱਕਾ ਹੈ। ਇਸ ਮੌਕੇ ਦਿੱਲੀ ਦੇ ਬਾਰਡਰਾਂ ’ਤੇ ਵੱਡੀ ਗਿਣਤੀ ਵਿਚ ਕਿਸਾਨ ਕਿਸਾਨ ਅੰਦੋਲਨ ਦੀ ਵਰੇਗੰਢ ਮਨਾਉਣ ਪਹੁੰਚੇ। ਇਕ ਸਾਲ ਦੌਰਾਨ ਇਸ ਸੰਘਰਸ਼ ਵਿਚ ਸਿਰਫ ਕਿਸਾਨਾਂ ਨੇ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੇ ਸਾਥ ਦਿੱਤਾ ਹੈ, ਇਹਨਾਂ ਵਿਚ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਸ਼ਾਮਲ ਹਨ।
farmers protest
ਕਿਸਾਨੀ ਸੰਘਰਸ਼ ਦੀ ਪਹਿਲੀ ਵਰੇਗੰਢ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਰੋਜ਼ਾਨਾ ਸਪੋਕੇਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਅਜੇ ਵੀ ਜਿੱਤ ਤੋਂ ਇੱਕ ਕਦਮ ਪਿੱਛੇ ਹਾਂ ਭਾਵੇਂ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਜਦੋਂ ਤੱਕ ਇਹ ਸਾਨੂੰ ਲਿਖ਼ਤੀ ਰੂਪ ਵਿਚ ਨਹੀਂ ਮਿਲ ਜਾਂਦਾ ਉਦੋਂ ਤੱਕ ਇਹ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਅਤੇ ਮੁੱਖ ਮੰਗ ਘੱਟੋ ਘੱਟ ਸਮਰਥਨ ਮੁੱਲ ਹੀ ਹੈ ਜਦੋਂ ਤੱਕ ਇਸ ਬਾਬਤ ਕੋਈ ਲਿਖ਼ਤੀ ਗਰੰਟੀ ਨਹੀਂ ਮਿਲਦੀ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
Rupinder Handa
ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਸਗੋਂ ਹਰ ਉਸ ਬੰਦੇ ਦਾ ਹੈ ਜੋ ਰੋਟੀ ਖਾਂਦਾ ਹੈ ਕਿਉਂਕਿ ਹਰ ਇੱਕ ਨੂੰ ਢਿੱਡ ਭਰਨ ਲਈ ਰੋਟੀ ਚਾਹੀਦੀ ਹੈ, ਜੁਮਲਿਆਂ ਨਾਲ ਢਿੱਡ ਨਹੀਂ ਭਰਦਾ, ਇਹ ਲੋਕਾਂ ਦਾ ਅੰਦੋਲਨ ਹੈ ਜਿਸ ਵਿਚ ਹਰ ਵਰਗ ਵਲੋਂ ਖੁੱਲ੍ਹੇ ਦਿਲ ਨਾਲ ਸਾਥ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਏਕਤਾ ਕਰ ਕੇ ਹੀ ਸੰਭਵ ਹੋ ਸਕਿਆ ਹੈ ਕਿ ਸਰਕਾਰ ਇਹ ਬਿੱਲ ਵਾਪਸ ਕਰਨ ਲਈ ਮੰਨ ਗਈ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੂੰ ਇਨ੍ਹਾਂ ਬਿੱਲਾਂ ਬਾਰੇ ਡੂੰਘਾਈ ਨਾਲ ਨਹੀਂ ਪਤਾ ਸੀ ਪਰ ਇਸ ਅੰਦੋਲਨ ਦਾ ਹਿੱਸਾ ਬਣ ਕੇ ਹੁਣ ਤਾਂ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਹੋ ਗਈ ਹੈ। ਇਸ ਲਈ ਇਨ੍ਹਾਂ ਦੀ ਅਹਿਮੀਅਤ ਨੂੰ ਸਮਝਦਿਆਂ ਖੇਤੀ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਇਥੋਂ ਜਾਣਾ ਪੂਰੇ ਸੰਘਰਸ਼ ਨੂੰ ਅਸਫਲ ਬਣਾ ਦੇਵੇਗਾ।
farmers protest
ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਅੰਦੋਲਨ ਇੰਨਾ ਵੱਡਾ ਅਤੇ ਇੰਨਾ ਲੰਬਾ ਸਮਾਂ ਨਹੀਂ ਚੱਲਿਆ ਪਰ ਇਹ ਕਿਸਾਨੀ ਸੰਘਰਸ਼ ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ ਹੈ। ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ। ਸੰਸਦ ਕੂਚ ਕਰਨ ਬਾਰੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਸੰਸਦ ਜਾਣ ਬਾਰੇ ਜਾਣਕਾਰੀ ਨਹੀਂ ਸੀ ਪਰ ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਕਿਸਾਨ ਸੰਸਦ ਵੱਲ ਜਾ ਰਹੇ ਹਨ ਤਾਂ ਉਹ ਜ਼ਰੂਰ ਜਾਣਗੇ ਕਿਉਂਕਿ ਉਹਨਾਂ ਦਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਸਿਆਸਤ ਵਿਚ ਆਉਣ ਬਾਰੇ ਉਨ੍ਹਾਂ ਕਿਹਾ ਕਿ ਉਹਨਾਂ ਦੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਮੌਕੇ ਰੁਪਿੰਦਰ ਹਾਂਡਾ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਕ ਗੀਤ ਵੀ ਗਾਇਆ।