
ਕਿਸਾਨੀ ਸੰਘਰਸ਼ ਬਾਰੇ ਕਿਹਾ- 'ਕਿਸਾਨਾਂ ਦਾ ਸੰਘਰਸ਼ ਆਪਣੇ ਆਪ 'ਚ ਸਬਕ ਹੈ'
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੀ ਵਰੇਗੰਢ ਮਨਾਉਣ ਲਈ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਅਪਣੇ ਆਪ ਵਿਚ ਇਕ ਬਹੁਤ ਵੱਡਾ ਸਬਕ ਹੈ। ਸਾਨੂੰ ਅਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ, ਸਾਨੂੰ ਪੰਜਾਬ ਨੂੰ ਦਰੁਸਤ ਕਰਨ ਦੀ ਲੋੜ ਨਹੀਂ ਪਵੇਗੀ। ਸਾਨੂੰ ਬੱਚਿਆਂ ਨੂੰ ਸਾਡੀ ਕੌਮ ਬਾਰੇ ਪੜ੍ਹਾਉਣਾ ਚਾਹੀਦਾ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਕਿਨ੍ਹਾਂ ਦੇ ਬੱਚੇ ਹਾਂ। ਦੁਨੀਆਂ ਵਿਚ ਕਿਤੇ ਵੀ ਪੰਜਾਬੀਆਂ ਦੇ ਨਾਲ ਦੀ ਰਣਨੀਤੀ ਨਹੀਂ। ਸਾਨੂੰ ਬੱਚਿਆਂ ਨੂੰ ਘੱਲੂਘਾਰਿਆਂ, ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਦਾ ਇਤਿਹਾਸ ਪੜਾਉਣਾ ਚਾਹੀਦਾ ਹੈ।
Satinder Satti
ਉਹਨਾਂ ਕਿਹਾ ਕਿ 2 ਕਰੋੜ ਦੀ ਅਬਾਦੀ ਨੇ 135 ਕਰੋੜ ਦੀ ਅਬਾਦੀ ਨੂੰ ਜਗਾਇਆ ਹੈ ਅਤੇ ਲੋਕਾਂ ਨੂੰ ਜਗਾਉਣਾ ਸਾਡੇ ਡੀਐਨਏ ਵਿਚ ਹੈ। ਗੁਰੂ ਸਾਹਿਬ ਨੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਹੈ, ਉਹਨਾਂ ਦਾ ਸੁਨੇਹਾ ਇਸ ਅੰਦੋਲਨ ਤੋਂ ਮੁੜ ਸੁਰਜੀਤ ਹੋਇਆ ਹੈ। ਸਤਿੰਦਰ ਸੱਤੀ ਨੇ ਉਮੀਦ ਪ੍ਰਗਟਾਈ ਕਿ ਨੌਜਵਾਨ ਪੀੜ੍ਹੀ ਦਾ ਉਤਸ਼ਾਹ ਇਕ ਨਵੇਂ ਪੰਜਾਬ ਦੀ ਸਿਰਜਣਾ ਕਰੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਤਬਦੀਲੀ ਆਵੇ ਅਤੇ ਸਾਡੀ ਕੌਮ ਨੂੰ ਸਾਡੇ ਕੱਦ ਮੁਤਾਬਕ ਜਰਨੈਲ ਮਿਲਣ। ਪੰਜਾਬ ਨੂੰ ਪੰਜਾਬ ਦਾ ਗੌਰਵ ਵਾਪਸ ਮਿਲਣਾ ਚਾਹੀਦਾ ਹੈ।
Satinder Satti
ਸਤਿੰਦਰ ਸੱਤੀ ਨੇ ਕਿਹਾ ਕਿ ਕਿਸਾਨਾਂ ਨੇ ਸਬਰ ਅਤੇ ਸੰਤੋਖ ਨਾਲ ਸੰਘਰਸ਼ ਨੂੰ ਅੱਗੇ ਤੋਰਿਆ ਹੈ। ਜੇਕਰ ਤੁਹਾਡੀ ਨੀਅਤ ਠੀਕ ਹੈ ਤਾਂ ਤੁਸੀਂ ਸਭ ਕੁਝ ਬਦਲ ਸਕਦੇ ਹੋ। ਉਹਨਾਂ ਕਿਹਾ ਕਿ ਉਹ ਸਿਆਸਤ ਵਿਚ ਨਹੀਂ ਆਉਣਗੇ ਪਰ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਨੌਜਵਾਨਾਂ ਵਿਚ ਬਹੁਤ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਪਾਰਟੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ। ਉਹਨਾਂ ਕਿਹਾ ਜੇ ਸਿਆਸਤ ਵਿਚ ਆਉਣ ’ਤੇ ਕਿਸੇ ਵਿਅਕਤੀ ਦਾ ਵਿਰੋਧ ਹੋ ਰਿਹਾ ਹੈ ਤਾਂ ਉਸ ਦੀ ਨੀਅਤ ਵਿਚ ਫਰਕ ਜ਼ਰੂਰ ਹੋਵੇਗਾ।
Farmers protest
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਾਫੀ ਤੋਂ ਬਾਅਦ ਉਮੀਦ ਜਾਗੀ ਹੈ ਕਿ ਉਹ ਬਾਕੀ ਮੰਗਾਂ ਵੀ ਮੰਨ ਲੈਣਗੇ। ਉਹਨਾਂ ਕਿਹਾ ਕਿ ਅਸੀਂ ਨਿਤਨੇਮ ਕਰਨ ਵਾਲੇ ਲੋਕ ਹਾਂ, ਅਸੀਂ ਪੜ੍ਹਦੇ ਹਾਂ ਕਿ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ” । ਗੁਰੂ ਸਾਹਿਬ ਨੇ ਅਪਣੇ ਪ੍ਰਕਾਸ਼ ਪੁਰਬ ਮੌਕੇ ਉਹ ਕਰਵਾਇਆ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਪ੍ਰਮਾਤਮਾ ਰੋਜ਼ ਚਮਤਕਾਰ ਕਰਦਾ ਹੈ, ਤੁਸੀਂ ਦੇਖਣ ਵਾਲੇ ਬਣੋ।