
ਅਹਿਮਦਾਬਾਦ ਦੇ ਬਹੁਤ ਚਰਚਾ ਵਿਚ ਰਹਿਣ ਵਾਲੇ ਬੀਐਮਡਬਲਿਊ ਹਿਟ ਐਂਡ ਰਨ ਕੇਸ ਦੇ ਦੋਸ਼ੀ ਵਿਸਮੈ ਸ਼ਾਹ ਨੂੰ ਪੁਲਿਸ...
ਅਹਿਮਦਾਬਾਦ (ਭਾਸ਼ਾ) : ਅਹਿਮਦਾਬਾਦ ਦੇ ਬਹੁਤ ਚਰਚਾ ਵਿਚ ਰਹਿਣ ਵਾਲੇ ਬੀਐਮਡਬਲਿਊ ਹਿਟ ਐਂਡ ਰਨ ਕੇਸ ਦੇ ਦੋਸ਼ੀ ਵਿਸਮੈ ਸ਼ਾਹ ਨੂੰ ਪੁਲਿਸ ਨੇ ਇਕ ਨਵੇਂ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਾਰ ਉਹ ਸ਼ਰਾਬ ਦਾ ਆਨੰਦ ਲੈਣ ਦੀ ਕੋਸ਼ਿਸ਼ ਵਿਚ ਫੜਿਆ ਗਿਆ ਹੈ। ਗਾਂਧੀ ਨਗਰ ਐਲਸੀਬੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਮਤਾਬਕ, ਗਾਂਧੀ ਨਗਰ ਦੇ ਕੋਲ ਅਡਾਲਜ ਵਿਚ ਬਾਲਾਜੀ ਝੌਂਪੜੀ ਵਿਚ ਵਿਸਮੈ ਸ਼ਾਹ ਦੇ ਵਿਆਹ ਤੋਂ ਬਾਅਦ ਸ਼ਰਾਬ ਪਾਰਟੀ ਹੋ ਰਹੀ ਸੀ।
Vismay Shah Arrested 13 ਦਸੰਬਰ ਨੂੰ ਵਿਸਮੈ ਦਾ ਵਿਆਹ ਹੋਇਆ ਸੀ। ਉਸ ਤੋਂ ਬਾਅਦ ਇਹ ਸਰਪ੍ਰਾਇਜ਼ ਪਾਰਟੀ ਸੀ। ਐਲਸੀਬੀ ਪੁਲਿਸ ਨੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਛਾਪਾ ਮਾਰ ਕੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ ਵਿਸਮੈ ਸ਼ਾਹ, ਉਨ੍ਹਾਂ ਦੀ ਪਤਨੀ ਪੂਜਾ ਸ਼ਾਹ, ਚਿੰਨਮੈ ਸ਼ਾਹ ਵੀ ਸ਼ਾਮਿਲ ਹਨ। ਪੁਲਿਸ ਨੇ ਛਾਪੇ ਮਾਰੀ ਕਰ ਕੇ ਬਿਲਡਰਾਂ ਦੇ ਕੁੱਝ ਹੋਰ ਮੁੰਡਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
24 ਫਰਵਰੀ, 2013 ਦੀ ਰਾਤ ਨੂੰ ਹਿਟ ਐਂਡ ਰਨ ਦਾ ਮਾਮਲਾ ਕਾਫ਼ੀ ਚਰਚਾ ਵਿਚ ਰਿਹਾ ਸੀ ਜਦੋਂ ਅਹਿਮਦਾਬਾਦ ਦੇ ਕੋਲ ਵਿਸਮੈ ਸ਼ਾਹ ਦੀ ਕਾਰ ਨੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿਤੀ ਸੀ। ਇਸ ਹਾਦਸੇ ਵਿਚ ਸ਼ਿਵਮ ਦਵੇ ਦੀ ਮੌਤ ਹੋ ਗਈ ਸੀ ਅਤੇ ਰਾਹੁਲ ਪਟੇਲ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਹਿਟ ਐਂਡ ਰਨ ਮਾਮਲੇ ਵਿਚ ਅਦਾਲਤ ਨੇ ਵਿਸਮੈ ਸ਼ਾਹ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਅਤੇ 25,000 ਦਾ ਜ਼ੁਰਮਾਨਾ ਲਗਾਇਆ ਸੀ।
ਇਸ ਤੋਂ ਇਲਾਵਾ ਸ਼ਿਵਮ ਪ੍ਰੇਮਸ਼ੰਕਰ ਦਵੇ ਅਤੇ ਰਾਹੁਲ ਘਨਸ਼ਾਮ ਪਟੇਲ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਪੁਲਿਸ ਨੇ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਜ਼ਬਤ ਕਰ ਲਈਆਂ ਹਨ। ਪੁਲਿਸ ਨੇ ਵਿਸਮੈ ਸ਼ਾਹ ਦੀ ਲਗਜ਼ਰੀ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।