
ਸਦੀਆਂ ਪੁਰਾਣਾ ਤਾਂਬੇ ਦਾ ਕੜਾ ਤੇ ਗੁਟਕਾ ਸਾਹਿਬ ਸੁਸ਼ੋਭਿਤ, ਮਨਾਉਂਦੇ ਨੇ ਗੁਰਪੁਰਬ ਅਤੇ ਲਾਉਂਦੇ ਨੇ ਲੰਗਰ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਉੜੀਸਾ ਵਿਚ ਜਿਥੇ ਇਕ ਪਾਸੇ ਜਗਨਨਾਥਪੁਰੀ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਨੂੰ ਢਾਹ ਦਿਤਾ ਗਿਆ ਹੈ ਉਥੇ ਹੀ ਉੜੀਆ ਲੋਕਾਂ ਵਲੋਂ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਕ ਥਾਂ ਨੂੰ ਬੜੇ ਸਤਿਕਾਰ ਨਾਲ ਸਾਂਭਿਆ ਗਿਆ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਬਾਲਾਸੌਰ ਜ਼ਿਲ੍ਹੇ ਦਾ ਪਿੰਡ ਬੀਰੰਚੀਪੁਰ ਰਾਜਧਾਨੀ ਭੁਵਨੇਸ਼ਵਰ ਤੋਂ ਕਰੀਬ ਪੌਣੇ ਦੋ ਸੌ ਕਿਲੋਮੀਟਰ ਦੂਰ ਹੈ।
ਦਸਿਆ ਗਿਆ ਹੈ ਕਿ ਗੁਰੂ ਸਾਹਿਬ ਉੜੀਸਾ ਦੀ ਪਹਿਲੀ ਉਦਾਸੀ ਵੇਲੇ 1506 ਵਿਚ ਇਥੋਂ ਗੁਜ਼ਰੇ ਸਨ ਤੇ ਇਥੇ ਕੁੱਝ ਦਿਨ ਪੜਾਅ ਕੀਤਾ ਸੀ। ਇਸ ਪਿੰਡ ਵਿਚ ਰਹਿੰਦੇ ਭਾਸਕਰ ਸਾਹੂ (84) ਦਾ ਦਾਅਵਾ ਹੈ ਕਿ ਗੁਰੂ ਸਾਹਿਬ ਉਸ ਦੇ ਪੁਰਖਿਆਂ ਕੋਲ ਇਥੇ ਰੁਕੇ ਸਨ। ਕਰੀਬ ਚਾਲੀ ਪਰਵਾਰਾਂ ਵਾਲੇ ਇਸ ਛੋਟੇ ਜਿਹੇ ਪਿੰਡ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਘਰਾਂ ਦੇ ਨਾਲ ਹੀ ਖੇਤੀ ਯੋਗ ਜ਼ਮੀਨ ਸ਼ੁਰੂ ਹੋ ਜਾਂਦੀ ਹੈ।
ਇਸ ਜ਼ਮੀਨ ਵਿਚ ਇਕ ਪੂਜਾ ਘਰ ਨੁਮਾ ਇਮਾਰਤ ਬਣਾਈ ਗਈ ਹੈ ਜਿਸ 'ਤੇ ਉੜੀਆ ਮੀਨਾਕਾਰੀ ਵੇਖਣ ਨੂੰ ਮਿਲਦੀ ਹੈ। ਇਸ ਪੂਜਾ ਘਰ ਦੇ ਅੰਦਰ ਇਕ ਲੋਹੇ ਦੀ ਪਾਲਕੀ ਰੱਖੀ ਗਈ ਹੈ ਜਿਸ ਵਿਚ ਇਕ ਤਾਂਬੇ ਦਾ ਪੁਰਾਤਨ ਕੜਾ ਅਤੇ ਆਸਾ ਦੀ ਵਾਰ ਦਾ ਪੁਰਾਤਨ ਹੱਥ ਲਿਖਤ ਗੁਟਕਾ ਸਾਹਿਬ ਤੇ ਕੁੱਝ ਹੋਰ ਸਿੱਖ ਧਾਰਮਕ ਸਮੱਗਰੀ ਰੱਖੀ ਗਈ ਹੈ।
ਇਹ ਨਿਰੋਲ ਆਦਿਵਾਸੀ ਉੜੀਆ ਪ੍ਰਵਾਰ ਹੈ ਪਰ ਇਸ ਦੇ ਬਾਵਜੂਦ ਵੀ ਇਹ ਹਰ ਰੋਜ਼ ਇਥੇ ਮੂਲ ਮੰਤਰ ਦਾ ਪਾਠ ਕਰਦੇ ਹਨ ਤੇ ਅਰਦਾਸ ਕਰਦੇ ਹਨ। 'ਸਪੋਕਸਮੈਨ ਟੀਵੀ' ਨਾਲ ਗੱਲ ਕਰਦਿਆਂ ਭਾਸਕਰ ਸਾਹੂ ਨੇ ਦਸਿਆ ਕਿ ਉਨ੍ਹਾਂ ਨੂੰ ਗੁਰਮੁਖੀ ਪੜ੍ਹਨੀ ਲਿਖਣੀ ਨਹੀਂ ਆਉਂਦੀ। ਮੂਲ ਮੰਤਰ ਅਤੇ ਅਰਦਾਸ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਨੇ ਜ਼ੁਬਾਨੀ ਯਾਦ ਕਰਾਈ ਹੋਈ ਹੈ ਜਿਸ ਦਾ ਉਹ ਨਿਤਨੇਮ ਕਰਦੇ ਹਨ।
ਪਰਵਾਰ ਦੀ ਨੂੰਹ ਅਤੇ ਕੁੱਝ ਹੋਰ ਮੈਂਬਰ ਵੀ ਬੜੀ ਹੀ ਚੰਗੀ ਤੇ ਸੋਹਣੀ ਤਰ੍ਹਾਂ ਮੂਲ ਮੰਤਰ ਤੇ ਅਰਦਾਸ ਸੁਣਾਉਂਦੇ ਹਨ। ਕਰੀਬ ਪੰਜ ਸਾਲ ਪਹਿਲਾਂ ਉੜੀਸਾ ਦਾ ਇਕ ਖੋਜੀ ਇਤਿਹਾਸਕਾਰ ਅਨਿਲ ਧੀਰ ਗੁਰੂ ਨਾਨਕ ਦੇਵ ਜੀ ਦੀ ਉੜੀਸਾ ਵਿਚ ਉਦਾਸੀਆਂ ਸਮੇਂ ਦੇ ਮਾਰਗ ਨੂੰ ਲੱਭਣ ਵਿਚ ਕਾਮਯਾਬ ਹੋਇਆ।
ਅਨਿਲ ਧੀਰ ਨੇ ਦਸਿਆ ਕਿ ਉਨ੍ਹਾਂ ਜਦੋਂ ਇਸ ਥਾਂ ਬਾਰੇ ਪਤਾ ਲਗਾਇਆ ਤਾਂ ਉਹ ਇਸ ਪਰਵਾਰ ਕੋਲੋਂ ਪੁਰਾਤਨ ਕੜੇ ਦਾ ਕੁੱਝ ਅੰਸ਼ ਅਤੇ ਪੁਰਾਤਨ ਗੁਟਕਾ ਸਾਹਿਬ ਦੇ ਕਾਗ਼ਜ਼ ਦਾ ਕੁੱਝ ਹਿੱਸਾ ਲੈਣ ਵਿਚ ਕਾਮਯਾਬ ਹੋ ਗਏ ਜਿਸ ਨੂੰ ਉਨ੍ਹਾਂ ਨੇ ਇਕ ਪ੍ਰਾਈਵੇਟ ਲੈਬਾਰਟਰੀ ਵਿਚੋਂ ਟੈਸਟ ਕਰਵਾਇਆ ਜਿਸ ਤੋਂ ਪਤਾ ਲੱਗਾ ਕਿ ਇਹ ਸਾਰੀਆਂ ਵਸਤਾਂ ਤਿੰਨ ਸੌ ਤੋਂ ਪੰਜ ਸੌ ਸਾਲ ਪੁਰਾਣੀਆਂ ਹਨ।
ਹਾਲਾਂਕਿ ਇਸ ਪਰਵਾਰ ਦਾ ਕਹਿਣਾ ਹੈ ਕਿ ਕੜਾ ਗੁਰੂ ਸਾਹਿਬ ਖ਼ੁਦ ਉਨ੍ਹਾਂ ਦੇ ਪੁਰਖਿਆਂ ਨੂੰ ਦੇ ਕੇ ਗਏ ਸਨ। ਅਨਿਲ ਧੀਰ ਨੇ ਦਸਿਆ ਕਿ ਆਜ਼ਾਦੀ ਤੋਂ ਪਹਿਲਾਂ ਤਕ ਸਦੀਆਂ ਤਕ ਨਾਨਕ ਪੰਥੀ ਇਸੇ ਮਾਰਗ ਤੋਂ ਜਗਨਨਾਥਪੁਰੀ ਆਉਂਦੇ ਜਾਂਦੇ ਰਹੇ ਹਨ ਤੇ ਇਨ੍ਹ੍ਹਾਂ ਥਾਵਾਂ ਦੇ ਉਤੇ ਹੀ ਉਹ ਵੀ ਠਹਿਰਾਅ ਕਰਦੇ ਸਨ। ਦਿਲਚਸਪ ਗੱਲ ਇਹ ਵੀ ਪਤਾ ਲੱਗੀ ਤੇ ਇਹ ਲੋਕ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਹਨ ਅਤੇ ਅਪਣੀ ਵਿੱਤ ਮੁਤਾਬਕ ਲੰਗਰ ਵੀ ਲਾਉਂਦੇ ਹਨ।
ਇਨ੍ਹਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵੀ ਬੜੀ ਚੰਗੀ ਤਰ੍ਹਾਂ ਬਣਾਉਣੀ ਆਉਂਦੀ ਹੈ ਤੇ ਸਮੱਗਰੀ ਦਾ ਵੀ ਪੂਰਾ ਗਿਆਨ ਹੈ। ਇਸ ਥਾਂ 'ਤੇ ਜਾਣ ਲਈ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਕਟਕ ਹੁੰਦੇ ਹੋਏ ਕਰੀਬ ਡੇਢ ਸੌ ਤੋਂ ਪੌਣੇ ਦੋ ਸੌ ਕਿਲੋਮੀਟਰ ਅੰਦਰ ਜਾਣਾ ਪੈਂਦਾ ਹੈ ਤੇ ਅੱਗੇ ਹਾਈਵੇ ਤੋਂ ਲਿੰਕ ਰੋਡ 'ਤੇ ਇਹ ਨਿੱਕਾ ਜਿਹਾ ਪਿੰਡ ਸਥਿਤ ਹੈ।